34.1 C
Jalandhar
Friday, October 18, 2024
spot_img

ਰਾਸ਼ਟਰਪਤੀ ਤੋਂ ਤਾਮਿਲਨਾਡੂ ਦੇ ਰਾਜਪਾਲ ਨੂੰ ਬਰਤਰਫ ਕਰਨ ਦੀ ਮੰਗ

ਚੇਨਈ : ਰਾਜਪਾਲ ਆਰ ਐੱਨ ਰਵੀ ਨੂੰ ਅਮਨ ਲਈ ਖਤਰਾ ਕਰਾਰ ਦਿੰਦਿਆਂ ਤਾਮਿਲਨਾਡੂ ਦੇ ਹੁਕਮਰਾਨ ਮੁਹਾਜ਼ ਨੇ ਰਾਸ਼ਟਰਪਤੀ ਨੂੰ ਉਨ੍ਹਾ ਨੂੰ ਬਰਤਰਫ ਕਰਨ ਦੀ ਮੰਗ ਕੀਤੀ ਹੈ | ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਦੋ ਨਵੰਬਰ ਨੂੰ ਸੌਂਪੇ ਮੈਮੋਰੰਡਮ ਵਿਚ ਮੁਹਾਜ਼ ਨੇ ਕਿਹਾ ਕਿ ਰਾਜਪਾਲ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀ ਸੇਵਾ ਕਰਨ ਵਿਚ ਅੜਿੱਕੇ ਡਾਹ ਰਹੇ ਹਨ ਅਤੇ ਫਿਰਕੂ ਨਫਰਤ ਨੂੰ ਹਵਾ ਦੇ ਰਹੇ ਹਨ | ਮੈਮੋਰੰਡਮ ਉੱਤੇ ਡੀ ਐੱਮ ਕੇ ਤੋਂ ਇਲਾਵਾ ਕਾਂਗਰਸ ਦੇ ਵਿਧਾਇਕਾਂ ਨੇ ਦਸਤਖਤ ਕੀਤੇ ਹਨ | ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਰਾਜਪਾਲ ਨੇ ਸੰਵਿਧਾਨ ਤੇ ਕਾਨੂੰਨ ਦੀ ਰਾਖੀ ਦੀ ਸਹੁੰ ਦੀ ਉਲੰਘਣਾ ਕੀਤੀ ਹੈ | ਮੈਮੋਰੰਡਮ ਵਿਚ 20 ਬਿੱਲਾਂ ਦੀ ਲਿਸਟ ਦਿੱਤੀ ਗਈ ਹੈ, ਜਿਨ੍ਹਾਂ ਨੂੰ ਰਾਜਪਾਲ ਮਨਜ਼ੂਰੀ ਨਹੀਂ ਦੇ ਰਹੇ | ਇਨ੍ਹਾਂ ਵਿਚ ਇਕ ਵਾਈਸ ਚਾਂਸਲਰਾਂ ਦੀ ਨਿਯੁਕਤੀ ਦਾ ਅਧਿਕਾਰ ਰਾਜਪਾਲ ਤੋਂ ਲੈ ਕੇ ਸੂਬਾ ਸਰਕਾਰ ਨੂੰ ਦੇਣ ਦਾ ਬਿੱਲ ਵੀ ਹੈ | ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਰਾਜਪਾਲ ਕੈਬਨਿਟ ਤੇ ਵਿਧਾਨ ਮੰਡਲ ਦੇ ਫੈਸਲਿਆਂ ਬਾਰੇ ਫੈਸਲਾ ਕਰਨ ਵਾਲੀ ਅਪੀਲੀ ਅਥਾਰਟੀ ਨਹੀਂ, ਪਰ ਉਹ ਬਿੱਲ ਰਾਸ਼ਟਰਪਤੀ ਨੂੰ ਭੇਜਣ ਦੀ ਥਾਂ ਸਰਕਾਰ ਨੂੰ ਵਾਪਸ ਕਰਨ ਵਾਲੀਆਂ ਰਾਸ਼ਟਰਪਤੀ ਦੀਆਂ ਤਾਕਤਾਂ ਵਰਤ ਰਹੇ ਹਨ | ਕਾਨੂੰਨ ਕਹਿੰਦਾ ਹੈ ਕਿ ਰਾਜਪਾਲ ਰਾਸ਼ਟਰਪਤੀ ਵੱਲੋਂ ਨਿਯੁਕਤ ਜਾਂ ਬਰਤਰਫ ਕੀਤਾ ਜਾ ਸਕਦਾ ਹੈ | ਜੇ ਸੂਬਾਈ ਕੈਬਨਿਟ ਵੱਲੋਂ ਭੇਜਿਆ ਬਿੱਲ ਪਸੰਦ ਨਾ ਆਵੇ ਤਾਂ ਰਾਜਪਾਲ ਉਸ ਨੂੰ ਇਕ ਵਾਰ ਵਾਪਸ ਕਰ ਸਕਦਾ ਹੈ | ਜੇ ਕੈਬਨਿਟ ਦੁਬਾਰਾ ਭੇਜੇ ਤਾਂ ਉਸ ਨੂੰ ਮਨਜ਼ੂਰੀ ਦੇਣੀ ਹੁੰਦੀ ਹੈ |
ਰਾਜਪਾਲ ਦੀਆਂ ‘ਵੰਡਵਾਦੀ’ ਤਕਰੀਰਾਂ ਦਾ ਹਵਾਲਾ ਦਿੰਦਿਆਂ ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਰਾਜਪਾਲ ਨੇ ਕਿਹਾ ਸੀ ਕਿ ਭਾਰਤ ਇਕ ਧਰਮ ਦੇ ਆਸਰੇ ਹੈ | ਇਹ ਭਾਰਤ ਦੇ ਸੰਵਿਧਾਨ ਦੇ ਉਲਟ ਹੈ | ਰਾਜਪਾਲ ਨੇ ਦ੍ਰਾਵਿੜ ਵਿਰਸੇ ਤੇ ਤਾਮਿਲ ਵੱਕਾਰ ਨੂੰ ਛੁਟਿਆ ਕੇ ਤਾਮਿਲਾਂ ਦੇ ਜਜ਼ਬਾਤ ਤੇ ਵੱਕਾਰ ਨੂੰ ਡੂੰਘੇ ਜ਼ਖਮ ਪਹੁੰਚਾਏ ਹਨ |
ਹਾਲਾਂਕਿ ਰਾਜਪਾਲ ਨੇ ਮੈਮੋਰੰਡਮ ਬਾਰੇ ਖੁੱਲ੍ਹੀ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਉਨ੍ਹਾ ਪੱਤਰਕਾਰਾਂ ਨਾਲ ਗੈਰਰਸਮੀ ਮੁਲਾਕਾਤ ਵਿਚ ਕਿਹਾ ਕਿ ਬਿੱਲ ਰੋਕਣ ਦਾ ਮਤਲਬ ‘ਨਾਂਹ’ ਹੁੰਦਾ ਹੈ | ਉਹ ਬਿੱਲਾਂ ‘ਤੇ ਦਸਤਖਤ ਨਹੀਂ ਕਰਨਗੇ | ਉਹ ਅਦਾਲਤ ਵਿਚ ਜਾ ਸਕਦੇ ਹਨ | ਧਰਮ ਬਾਰੇ ਤਕਰੀਰ ‘ਤੇ ਰਾਜਪਾਲ ਨੇ ਕਿਹਾ ਕਿ ਕਾਨੂੰਨ ਉਨ੍ਹਾ ਨੂੰ ਨਿੱਜੀ ਰਾਇ ਦੇਣ ਤੋਂ ਨਹੀਂ ਰੋਕਦਾ |
ਤਾਮਿਲਨਾਡੂ ਉਨ੍ਹਾਂ ਤਿੰਨ ਦੱਖਣੀ ਰਾਜਾਂ ਵਿਚ ਇੱਕ ਹੈ, ਜਿਨ੍ਹਾਂ ਦੀਆਂ ਸਰਕਾਰਾਂ ਦੀ ਰਾਜਪਾਲਾਂ ਨਾਲ ਕਾਫੀ ਖੜਕੀ ਹੋਈ ਹੈ | ਹੁਕਮਰਾਨ ਪਾਰਟੀਆਂ ਦਾ ਕਹਿਣਾ ਹੈ ਕਿ ਰਾਜਪਾਲ ਕੇਂਦਰ ਦੀ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles