ਪਸ਼ੂ ਖੁਰਾਕ ਫੈਕਟਰੀ ‘ਚ ਦੋ ਮਜ਼ਦੂਰਾਂ ਦੀ ਮੌਤ, ਗੈਸ ਚੜ੍ਹਨ ਕਾਰਨ ਸੀਰੇ ਦੇ ਟੈਂਕ ‘ਚ ਡਿੱਗੇ

0
308

ਸ੍ਰੀ ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ) -ਸਰਹਿੰਦ ਮੰਡੀ ਦੀ ਸੰਘਣੀ ਆਬਾਦੀ ‘ਚ ਚੱਲ ਰਹੀ ਇੱਕ ਪਸ਼ੂ ਖੁਰਾਕ ਫੈਕਟਰੀ ‘ਚ ਬਣੇ ਸੀਰੇ ਦੇ ਟੈਂਕ ‘ਚ ਕਥਿਤ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ | ਸਰਹਿੰਦ ਮੰਡੀ ਦੀ ਪੰਪਾਂ ਵਾਲੀ ਗਲੀ ‘ਚ ਸਥਿਤ ਸ਼ੁਭ ਮੋਹਨ ਪਸ਼ੂ ਖੁਰਾਕ ਫੈਕਟਰੀ ‘ਚ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰ ਆਪਣਾ ਕੰਮ ਕਰ ਰਹੇ ਸਨ ਤਾਂ ਫੈਕਟਰੀ ‘ਚ ਬਣੇ ਸੀਰੇ ਦੇ ਟੈਂਕ ‘ਚ ਪਵਿੱਤਰ ਸਧਿਆ ਨਾਮਕ ਮਜ਼ਦੂਰ ੳੱੁਤਰਿਆ, ਜੋ ਕਿ ਗੈਸ ਚੜ੍ਹ ਜਾਣ ਕਾਰਨ ਬਾਹਰ ਨਹੀਂ ਨਿਕਲ ਸਕਿਆ, ਜਿਸ ਨੂੰ ਬਚਾਉਣ ਲਈ ਫੈਕਟਰੀ ‘ਚ ਕੰਮ ਕਰਦਾ ਰਾਕੇਸ਼ ਪਾਸਵਾਨ ਨਾਮਕ ਮਜ਼ਦੂਰ ਟੈਂਕ ‘ਚ ਉੱਤਰਿਆ, ਜੋ ਕਿ ਬਾਹਰ ਨਹੀਂ ਨਿਕਲ ਸਕਿਆ, ਜਿਸ ‘ਤੇ ਸ਼ਿਆਮ ਨਾਮਕ ਮਜ਼ਦੂਰ ਉਨ੍ਹਾਂ ਦੀ ਮਦਦ ਲਈ ਟੈਂਕ ‘ਚ ਉੱਤਰਿਆ, ਜਿਸ ਨੂੰ ਗੈਸ ਚੜ੍ਹ ਗਈ, ਪਰ ਨਾਲ ਦੇ ਮਜ਼ਦੂਰਾਂ ਨੇ ਰੱਸੇ ਦੀ ਮਦਦ ਨਾਲ ਉਸ ਨੂੰ ਤੁਰੰਤ ਬਾਹਰ ਕੱਢ ਲਿਆ, ਪਰ ਦੂਸਰੇ ਦੋਵੇਂ ਮਜ਼ਦੂਰ ਟੈਂਕ ‘ਚੋਂ ਬਾਹਰ ਨਾ ਨਿਕਲ ਸਕੇ | ਘਟਨਾ ਸੰਬੰਧੀ ਸੂਚਨਾ ਮਿਲਣ ‘ਤੇ ਡੀ.ਐੱਸ.ਪੀ. ਫ਼ਤਹਿਗੜ੍ਹ ਸਾਹਿਬ ਸੁਖਬੀਰ ਸਿੰਘ ਵਾਹਲਾ ਪੁਲਸ ਫੋਰਸ ਲੈ ਕੇ ਘਟਨਾ ਸਥਾਨ ‘ਤੇ ਪਹੁੰਚੇ, ਜਿਨ੍ਹਾਂ ਵੱਲੋਂ ਮੌਕੇ ‘ਤੇ ਬੁਲਾਈਆਂ ਗਈਆਂ ਰੈਸਕਿਊ ਟੀਮਾਂ ਵੱਲੋਂ ਬੜੀ ਮੁਸ਼ੱਕਤ ਕਰਕੇ ਜੇ.ਸੀ.ਬੀ. ਦੀ ਮਦਦ ਨਾਲ ਟੈਂਕ ਤੋੜ ਕੇ ਵਿੱਚ ਡਿੱਗੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੋਵਾਂ ਮਜ਼ਦੂਰਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਐੱਸ.ਡੀ.ਐੱਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਮਿ੍ਤਕ ਮਜ਼ਦੂਰ ਦੀ ਪਹਿਚਾਣ ਰਾਕੇਸ਼ ਪਾਸਵਾਨ ਮੂਲ ਵਾਸੀ ਮੁਜ਼ੱਫਰਪੁਰ ਬਿਹਾਰ ਵਜੋਂ ਹੋਈ ਹੈ, ਜੋ ਕਿ ਪੰਜ ਬੱਚਿਆਂ ਦਾ ਪਿਤਾ ਸੀ | ਦੂਸਰੇ ਮਿ੍ਤਕ ਦੀ ਪਹਿਚਾਣ ਪਵਿੱਤਰ ਸਦੇ ਵਜੋਂ ਹੋਈ ਹੈ, ਜੋ ਕਿ ਮੂਲ ਵਾਸੀ ਨੇਪਾਲ ਦਾ ਸੀ ਤੇ ਦੋਵੇਂ ਮਜ਼ਦੂਰ ਪਰਵਾਰਾਂ ਸਣੇ ਫੈਕਟਰੀ ‘ਚ ਹੀ ਰਹਿੰਦੇ ਸਨ | ਖਬਰ ਲਿਖੇ ਜਾਣ ਤੱਕ ਵੱਖ-ਵੱਖ ਪੁਲਸ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਵੱਲੋਂ ਫੈਕਟਰੀ ‘ਚ ਜਾਂਚ ਕੀਤੀ ਜਾ ਰਹੀ ਸੀ |

LEAVE A REPLY

Please enter your comment!
Please enter your name here