ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਜਲ ਸਪਲਾਈ ਵਿਭਾਗ ਅਧੀਨ ਕੰਮ ਕਰਦੇ ਠੇਕਾ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਠੇਕਾ ਕਾਮਿਆਂ ਦੀ ਜਥੇਬੰਦੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਐੱਸ ਡੀ ਐੱਮ ਦਫ਼ਤਰ ਪਾਤੜਾਂ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਅੱਧੀ ਦਰਜਨ ਦੇ ਕਰੀਬ ਠੇਕਾ ਕਾਮੇ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਅਪਣਾਏ ਜਾ ਰਹੇ ਨਾਂਹ-ਪੱਖੀ ਵਤੀਰੇ ਖ਼ਿਲਾਫ਼ ਰੋਹ ਵਿਚ ਆਉਂਦਿਆਂ ਸਬ-ਡਵੀਜ਼ਨ ਕੰਪਲੈਕਸ ਵਿਖੇ ਬਣੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਏ | ਮਾਮਲੇ ਦਾ ਪਤਾ ਲੱਗਦਿਆਂ ਹੀ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ | ਇਸ ਦੌਰਾਨ ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਠੇਕਾ ਕਾਮਿਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਟੈਂਕੀ ਤੋਂ ਹੇਠਾਂ ਉਤਰਨ ਲਈ ਪ੍ਰੇਰਿਆ, ਪਰ ਠੇਕਾ ਕਾਮੇ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ | ਇਸ ਦੌਰਾਨ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ |
ਰੋਸ ਪ੍ਰਦਰਸ਼ਨ ਕਰ ਰਹੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜ਼ਿਲ੍ਹਾ ਪਟਿਆਲਾ ਅਤੇ ਬ੍ਰਾਂਚ ਪ੍ਰਧਾਨ ਅਵਤਾਰ ਸਿੰਘ, ਸੁਭਾਸ਼ ਚੰਦ, ਲਖਵਿੰਦਰ ਸਿੰਘ ਤੇ ਰਾਜਪਾਲ ਖਾਨ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ ਸਾਲਾਂਬੱਧੀ ਅਰਸੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮਾਂ ਵੱਲੋਂ ਆਪਣਾ ਪੱਕਾ ਰੁਜ਼ਗਾਰ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਹੀ ਵਿਭਾਗੀ ਮੁਖੀ ਅਤੇ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਕਾਮਿਆਂ ਦੀਆਂ ‘ਮੰਗਾਂ-ਮਸਲਿਆਂ’ ਦਾ ਹੱਲ ਕਰਨ ਦੀ ਬਜਾਏ ਵਰਕਰ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ ਕਿ ਇਹ ਸਾਡੇ ਮੁਲਾਜ਼ਮ ਨਹੀਂ ਹਨ ਅਤੇ ਠੇਕੇਦਾਰ ਦੇ ਹਨ | ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਵਿਭਾਗ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਕਰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ |





