ਅੰਮਿ੍ਤਸਰ : ਅੰਮਿ੍ਤਸਰ ਦੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲਕਾਂਡ ਦੇ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਸ਼ਨੀਵਾਰ ਭਾਰੀ ਗਿਣਤੀ ਵਿਚ ਸੁਰੱਖਿਆ ਪ੍ਰਬੰਧਾਂ ਹੇਠ ਅੰਮਿ੍ਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਸੰਦੀਪ ਸਿੰਘ ਉਰਫ ਸੰਨੀ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ | ਇਸ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਅਦਾਲਤ ਦੇ ਬਾਹਰ ਪਹੁੰਚ ਗਈਆਂ | ਜਿਵੇਂ ਹੀ ਮੁਲਜ਼ਮ ਸੰਨੀ ਨੂੰ ਕੋਰਟ ਤੋਂ ਬਾਹਰ ਕੱਢ ਕੇ ਪੁਲਸ ਗੱਡੀ ਵਿਚ ਬਿਠਾ ਕੇ ਲੈ ਕੇ ਜਾਣ ਲੱਗੀ ਤਾਂ ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਗੱਡੀ ‘ਤੇ ਫੁੱਲਾਂ ਦੀ ਵਰਖਾ ਕਰ ਦਿੱਤੀ | ਜ਼ਿਕਰਯੋਗ ਹੈ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ |
ਜ਼ਿਕਰਯੋਗ ਹੈ ਕਿ ਸੰਦੀਪ ਸੰਨੀ ਵੱਲੋਂ 8 ਤੋਂ 10 ਵਕੀਲ ਅਦਾਲਤ ਵਿਚ ਪੇਸ਼ ਹੋਏ ਸਨ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਸੰਨੀ ਦੇ ਵਕੀਲ ਜਸਬੀਰ ਸਿੰਘ ਜੰਮੂ ਨੇ ਕਿਹਾ ਕਿ ਅਦਾਲਤ ਨੇ ਸੰਦੀਪ ਨੂੰ ਤਿੰਨ ਦਿਨ ਦਾ ਰਿਮਾਂਡ ‘ਤੇ ਭੇਜ ਦਿੱਤਾ ਹੈ | ਉਨ੍ਹਾ ਕਿਹਾ ਕਿ ਸੁਧੀਰ ਸੂਰੀ ਦੇ ਪਰਵਾਰ ਵੱਲੋਂ ਕੋਈ ਵੀ ਵਕੀਲ ਅਦਾਲਤ ‘ਚ ਨਹੀਂ ਆਇਆ ਹੈ, ਜਦਕਿ ਸਰਕਾਰੀ ਵਕੀਲ ਵੱਲੋਂ ਹੀ ਸੂਰੀ ਕਤਲ ਕਾਂਡ ਦੀ ਪੈਰਵੀ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਹੁਣ ਪੰਦਰਾਂ ਨਵੰਬਰ ਨੂੰ ਦੁਬਾਰਾ ਸੰਦੀਪ ਸਿੰਘ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |




