ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ/ਰਾਜਬੀਰ ਸਿੰਘ)
‘ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਉਪਦੇਸ਼ ਉੱਤੇ ਪਹਿਰਾ ਦੇਣ ਦੀ ਅੱਜ ਹੋਰ ਵੀ ਵੱਧ ਲੋੜ ਹੈ |’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੰਤ ਸਿੰਘ ਬਰਾੜ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕਰਵਾਈ ‘ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ-ਜੀਵਨ, ਫਲਸਫਾ ਤੇ ਅਜੋਕਾ ਸਮਾਜ’ ਸੰਬੰਧੀ ਚਰਚਾ ‘ਚ ਕੀਤਾ | ਉਨ੍ਹਾ ਕਿਹਾ ਕਿ ਅਸੀਂ ਇਸ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ | ਅੱਜ ਦੇ ਦੌਰ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਵਿੱਚ ਲਿਜਾਣ ਦੀ ਬਹੁਤ ਵੱਡੀ ਲੋੜ ਹੈ, ਇਸ ਲਈ ਕਮਿਊਨਿਸਟ ਪਾਰਟੀ ਗੁਰੂ ਜੀ ਦੇ ਇਸ ਦਿਹਾੜੇ ਨੂੰ ਬਹੁਤ ਵੱਡੇ ਪੱਧਰ ‘ਤੇ ਮਨਾ ਰਹੀ ਹੈ | ਉਹਨਾਂ ਕਿਹਾ ਕਿ ਇਸ ਵੇਲੇ ਦੇਸ਼ ਅਤੇ ਪੰਜਾਬ ਬਹੁਤ ਸੰਕਟ ਭਰੇ ਦੌਰ ਵਿੱਚੋਂ ਲੰਘ ਰਿਹਾ ਹੈ | ਰਾਜ-ਸੱਤਾ ਦੀਆਂ ਪਾਰਟੀਆਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਲੁੱਟ ਰਹੀਆਂ ਅਤੇ ਸਾਡੇ ਬੱਚੇ ਧੜਾਧੜ ਬਾਹਰ ਦੇ ਮੁਲਕਾਂ ਵਿਚ ਜਾ ਰਹੇ ਹਨ | ਪੰਜਾਬ ਅੰਦਰ ਨਾ ਤਾਂ ਬੱਚਿਆਂ ਲਈ ਰੁਜ਼ਗਾਰ ਹੈ ਅਤੇ ਨਾ ਹੀ ਸਿਹਤ ਸਹੂਲਤਾਂ | ਉਹਨਾ ਕਿਹਾ ਕਿ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਸਤੇ ਜਨਤਾ ਨੂੰ ਜਾਤਾਂ, ਧਰਮਾਂ ਦੀ ਲੜਾਈ ਵਿਚ ਉਲਝਾਇਆ ਜਾ ਰਿਹਾ ਹੈ | ਨਰਿੰਦਰ ਸਿੰਘ ਸੋਨੀਆ ਨੇ ਕਿਹਾ ਕਿ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਉਸ ਸਮੇ ਦੇ ਕਮਿਊਨਿਸਟਾਂ ਨੇ ਮੂਹਰੇ ਹੋ ਕੇ ਲੜਾਈ ਲੜੀ ਤੇ ਜਿੱਤ ਹਾਸਲ ਕੀਤੀ | ਆਜ਼ਾਦੀ ਸੰਗਰਾਮ ਮੌਕੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਪਾਸੋਂ ਅਗਵਾਈ ਲੈ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਹਰਾਇਆ | ਇਸ ਮੌਕਾ ਜ਼ਿਲ੍ਹਾ ਸਕੱਤਰ ਪ੍ਰਤਾਪ ਕੁਮਾਰ, ਮੁਖਤਿਆਰ ਸਿੰਘ ਚੰਦੀ ਜਨਰਲ ਸਕੱਤਰ ਸਾਹਿਤ ਸਭਾ, ਕਿਸਾਨ ਆਗੂ ਤਰਲੋਕ ਸਿੰਘ ਭਬਿਆਣਾ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਅਤੇ ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਲਾਲੋਆਂ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ ਅਤੇ ਸਾਂਝੇ ਸਮਾਜ ਦੀ ਉਸਾਰੀ ਬਿਨਾਂ ਉਹ ਜਿੱਤੀ ਨਹੀਂ ਜਾ ਸਕਦੀ | ਇਸ ਮੌਕੇ ਮਾਸਟਰ ਚਰਨ ਸਿੰਘ ਹੈਬਤਪੁਰ, ਸਰਬਨ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਕਵਿੱਤਰੀ ਲਾਡੀ ਭੁੱਲਰ, ਨਵਨੀਤ ਕੌਰ, ਸ਼ਰਨਜੀਤ ਕੌਰ, ਪਰਸਨ ਲਾਲ ਭੋਲਾ, ਅਜੀਤ ਸਿੰਘ ਔਜਲਾ, ਗਿਆਨ ਸਿੰਘ ਸ਼ਤਾਬਗੜ੍ਹ, ਸੰਤਾ ਸਿੰਘ, ਸੁਰਜੀਤ ਸਿੰਘ ਠੱਟਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ |





