ਅਹਿਮਦਾਬਾਦ : ਕਾਂਗਰਸ ਨੇ ਗੁਜਰਾਤ ਚੋਣਾਂ ਲਈ ਸ਼ਨੀਵਾਰ ਨੂੰ ਅਹਿਮਦਾਬਾਦ ‘ਚ ਪਾਰਟੀ ਦਾ ਮੈਨੀਫੈਸਟੋ ਪੱਤਰ ਜਾਰੀ ਕੀਤਾ | ਇਸ ‘ਚ ਪਾਰਟੀ ਨੇ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ | ਉਥੇ ਹੀ ਕਿਸਾਨਾਂ ਦਾ ਕਰਜ਼, 300 ਯੂਨਿਟ ਤੱਕ ਫਰੀ ਬਿਜਲੀ ਦੇਣ ਦੀ ਗੱਲ ਕਹੀ | ਮੈਨੀਫੈਸਟੋ ‘ਚ ਕਾਂਗਰਸ ਨੇ ਕਿਹਾ ਕਿ ਬਿਲਕਿਸ ਬਾਨੋ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਰੱਦ ਕੀਤੀ ਜਾਵੇਗੀ ਅਤੇ ਫਿਰ ਤੋਂ ਸਾਰਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ | ਕਾਂਗਰਸ ਨੇ ਸੱਤਾ ‘ਚ ਆਉਣ ‘ਤੇ 10 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ, ਇਸ ‘ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ | ਨੌਕਰੀਆਂ ਦੀ ਭਰਤੀ ‘ਚ ਭਿ੍ਸ਼ਟਾਚਾਰ, ਵਾਰ-ਵਾਰ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ | ਨਾਲ ਹੀ ਬੇਰੁਜ਼ਗਾਰਾਂ ਨੂੰ 3000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ | ਕਾਂਗਰਸ ਨੇ ਗੁਜਰਾਤ ਚੋਣਾਂ ‘ਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਦਾਅ ਵੀ ਚੱਲਿਆ ਹੈ | ਕੁਪੋਸ਼ਣ ਰੋਕਣ ਲਈ ਪਾਰਟੀ ਨੇ ਇੰਦਰਾ ਮੂਲੀ ਯੋਜਨਾ ਸ਼ੁਰੂ ਕਰਨ, ਲੜਕੀਆਂ ਲਈ ਪੀ ਐੱਚ ਡੀ ਤੱਕ ਦੀ ਮੁਫ਼ਤ ਸਿੱਖਿਆ, ਨਿਆਏ ਯੋਜਨਾ ਦੇ ਤਹਿਤ ਜ਼ਰੂਰਤਮੰਦ ਪਰਵਾਰਾਂ ਨੂੰ ਛੇ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵੀ ਵਾਅਦਾ ਕੀਤਾ ਹੈ | ਪਾਰਟੀ ਨੇ ਸਕੂਲ ਫੀਸ ‘ਚ 25 ਫੀਸਦੀ ਕਟੌਤੀ ਕਰਨ, ਸਾਰੇ ਟੈਕਸਾਂ ‘ਚ 20 ਫੀਸਦੀ ਕਮੀ ਕਰਨ, ਅਮਦਨ ਕਰ ਦੀ ਹੱਦ ‘ਚ ਆਉਣ ਵਾਲੇ ਮੁਲਾਜ਼ਮਾਂ ਨੂੰ ਪ੍ਰੋਫੈਸ਼ਨਲ ਟੈਕਸ ਤੋਂ ਛੋਟ ਦੇ ਨਾਲ ਹੀ ਸੱਤਾ ‘ਚ ਆਉਣ ‘ਤੇ ਹਰ ਨਾਗਰਿਕ ਨੂੰ 5 ਲੱਖ ਦਾ ਦੁਰਘਟਨਾ ਬੀਮਾ ਮੁਫ਼ਤ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਹੈ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ਕਾਂਗਰਸ ਹਮੇਸ਼ਾ ਤੋਂ ਮੈਨੀਫੈਸਟੋ ਨੂੰ ਮਹੱਤਵ ਦਿੰਦੀ ਹੈ | ਸੋਨੀਆ ਗਾਂਧੀ ਦਾ ਸਖ਼ਤ ਨਿਰਦੇਸ਼ ਰਹਿੰਦਾ ਸੀ ਕਿ ਮੈਨੀਫੈਸਟੋ ਨੂੰ ਪਹਿਲ ‘ਤੇ ਰੱਖੋ | ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਵਚਨ ਦਿੱਤਾ ਹੈ, ਉਹ ਹਰ ਹਾਲ ‘ਚ ਪੂਰਾ ਕੀਤਾ ਜਾਵੇਗਾ | 6 ਲੱਖ ਲੋਕਾਂ ਤੋਂ ਪੁੱਛ ਕੇ ਅਸੀਂ ਮੈਨੀਫੈਸਟੋ ਬਣਾਇਆ ਹੈ |




