ਮਾਨਸਾ : (ਰੀਤਵਾਲ)-ਸਿੱਧੂ ਮੂਸੇਵਾਲਾ ਦੇ ਬੁੱਧਵਾਰ ਫੁੱਲ ਚੁਗਣ ਮੌਕੇ ਮਾਤਾ ਚਰਨ ਕੌਰ, ਜੋ ਪਿੰਡ ਮੂਸਾ ਦੇ ਸਰਪੰਚ ਵੀ ਹਨ, ਨੇ ਭਾਵੁਕ ਹੋ ਕੇ ਉੱਚੀ-ਉੱਚੀ ਧਾਹਾਂ ਮਾਰਦੇ ਹੋਏ ਕਿਹਾ—ਮੇਰੇ ਛੇ ਫੁੱਟ ਦੇ ਗੱਭਰੂ ਪੁੱਤ ਨੂੰ ਰਾਖ ਬਣਾ ਕੇ ਰੱਖ ਦਿੱਤਾ, ਤੁਸੀਂ ਵੀ ਜਹਾਨੋਂ ਪੁੱਟੇ ਜਾਓ |
ਉਨ੍ਹਾ ਇਹ ਵੀ ਕਿਹਾ ਕਿ ਹੁਣ ਦੁਸ਼ਮਣਾਂ ਨੂੰ ਵਧੀਆ ਨੀਂਦ ਆ ਜਾਵੇਗੀ | ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿਚ ਕੋਈ ਆਪਣੇ ਪੁੱਤਾਂ ਨੂੰ ਮਸ਼ਹੂਰ ਨਾ ਬਣਾਇਓ | ਸਾਡੇ ਪੁੱਤ ਨੂੰ ਮਸ਼ਹੂਰੀ ਨੇ ਖਾ ਲਿਆ, ਅਸੀਂ ਇਥੋਂ ਤੱਕ ਮਿਹਨਤ ਮਜ਼ਦੂਰੀ ਕਰਕੇ ਪੁੱਜੇ ਸੀ |
ਫੁੱਲ ਚੁਗਣ ਦੀ ਰਸਮ ਤੋਂ ਮਗਰੋਂ ਪਰਵਾਰ ਵੱਲੋਂ ਘਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ | ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਵਾਰ ਨੇ 8 ਜੂਨ ਨੂੰ ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਅਤੇ ਭੋਗ ਪਾਉਣ ਦਾ ਫੈਸਲਾ ਕੀਤਾ ਹੈ |
ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ‘ਤੇ ਬਣੇ ਅਸਥ ਘਾਟ ‘ਤੇ ਜਲ ਪ੍ਰਵਾਹ ਕੀਤੀਆਂ ਗਈਆਂ | ਇਸ ਮੌਕੇ ਉਸ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਸਿੱਧੂ, ਤਾਇਆ ਚਮਕੌਰ ਸਿੰਘ, ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਸਾਬਕਾ ਵਿਧਾਇਕ ਦਰਸ਼ਨ ਬਰਾੜ, ਕੈਪਟਨ ਸੰਦੀਪ ਸੰਧੂ, ਨਾਮੀ ਗੀਤਕਾਰ ਗਿੱਲ ਰੌਂਤਾ, ਹਰਫ ਚੀਮਾ ਸਮੇਤ ਵੱਡੀ ਗਿਣਤੀ ਵਿਚ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕ ਮੌਜੂਦ ਸਨ | ਪਿਤਾ ਨੇ ਬੇਹੱਦ ਭਾਵੁਕ ਹੁੰਦਿਆਂ ਉਸ ਕੱਪੜੇ ਨੂੰ ਚੁੰਮਿਆ, ਜਿਸ ਵਿਚ ਸਿੱਧੂ ਦੀਆਂ ਅਸਥੀਆਂ ਸਨ | ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਜਦੋਂ ਸਾਰੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਤਾਂ ਮਾਤਾ ਚਰਨ ਕੌਰ ਬੇਹੋਸ਼ ਹੋ ਗਈ ਅਤੇ ਡਾਕਟਰਾਂ ਨੇ ਤੁਰੰਤ ਉਸ ਨੂੰ ਮੁਢਲੀ ਸਹਾਇਤਾ ਦਿੱਤੀ, ਜਿਸ ਤੋਂ ਬਾਅਦ ਉਹ ਠੀਕ ਹੋ ਗਈ |