ਸੜਕ ਹਾਦਸੇ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ

0
277

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘਟਾਉਣ ਸਣੇ ਨਵੀਨਤਮ ਤਕਨਾਲੋਜੀ ਦੀ ਮਦਦ ਨਾਲ ਸੂਬੇ ‘ਚ ਟ੍ਰੈਫਿਕ ਨਿਯਮਾਂ ‘ਚ ਸੁਧਾਰ ਲਿਆਉਣ ਲਈ ‘ਟ੍ਰੈਫਿਕ ਪ੍ਰਬੰਧਨ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੇ ਲਾਗੂਕਰਨ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸਾਪ ‘ਚ ਪੰਜਾਬ ਭਰ ਤੋਂ ਪੁੱਜੇ ਟ੍ਰੈਫਿਕ ਪੁਲਸ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਟਰਾਂਸਪੋਰਟ ਵਿਕਾਸ ਗਰਗ ਨੇ ਟ੍ਰੈਫਿਕ ਪ੍ਰਬੰਧਨ ‘ਚ ਨਵੀਂ ਤਕਨਾਲੋਜੀ ਜਿਵੇਂ ਸਪੀਡ ਕੈਮਰੇ, ਇੰਟਰਸੈਪਟਰ ਅਤੇ ਸੀ ਸੀ ਟੀ ਵੀ ਸਿਸਟਮ, ਵੱਡੇ ਸ਼ਹਿਰਾਂ ‘ਚ ਟ੍ਰੈਫਿਕ ਦਾ ਪ੍ਰਵਾਹ ਨਿਰਵਿਘਨ ਚਲਣਾ ਯਕੀਨੀ ਬਣਾਉਣ ਲਈ ਟ੍ਰੈਫਿਕ ਲਾਈਟਾਂ ਦੀ ਸਿੰਕਿੰਗ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾ ਕਿਹਾ ਕਿ ਮਾਨ ਸਰਕਾਰ ਇਸ ਦਿਸ਼ਾ ‘ਚ ਨਿਰੰਤਰ ਯਤਨਸ਼ੀਲ ਹੈ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਰਹੀ ਹੈ |
ਲੀਡ ਏਜੰਸੀ ਆਨ ਰੋਡ ਸੇਫਟੀ ਪੰਜਾਬ ਦੇ ਡਾਇਰੈਕਟਰ ਜਨਰਲ ਆਰ ਵੈਂਕਟਰਤਨਮ ਨੇ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਨਵੀਆਂ ਵਿਵਸਥਾਵਾਂ ਅਤੇ ਇਸ ਦੇ ਲਾਗੂ ਕਰਨ ਖਾਸ ਕਰਕੇ ਫ਼ੀਸ/ ਜੁਰਮਾਨੇ ਅਤੇ ਡਰਾਈਵਰਾਂ ਦੇ ਵਿਹਾਰ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ |
ਉਨ੍ਹਾ ਕਿਹਾ ਕਿ ਸਖਤ ਨਿਯਮਾਂ ਨਾਲ ਸਪੱਸ਼ਟ ਤੌਰ ‘ਤੇ ਸੜਕੀ ਹਾਦਸਿਆਂ ‘ਚ ਕਮੀ ਆਉਂਦੀ ਹੈ, ਕਿਉਂ ਜੋ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗ਼ੈਰ-ਮੌਜੂਦਗੀ ‘ਚ ਵੀ ਤਕਨਾਲੋਜੀ ਦੀ ਮਦਦ ਨਾਲ ਨਿਯਮਾਂ ਦਾ ਲਾਗੂ ਕਰਨ ਯਕੀਨੀ ਬਣਾਇਆ ਜਾ ਰਿਹਾ ਹੈ |
ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਸੇਤੀਆ ਨੇ ਸੜਕ ਦੁਰਘਟਨਾਵਾਂ ਨੂੰ ਘਟਾਉਣ ਦੇ ਉਪਾਵਾਂ, ਏ ਡੀ ਜੀ ਪੀ (ਟ੍ਰੈਫਿਕ) ਏ ਐੱਸ ਰਾਏ ਨੇ ਰਾਜ ‘ਚ ਟ੍ਰੈਫਿਕ ਪ੍ਰਬੰਧਨ ਦੀ ਸਥਿਤੀ ਅਤੇ ਸਮੱਸਿਆਵਾਂ, ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਮੋਟਰ ਵਾਹਨ (ਸੋਧ) ਐਕਟ, 2019 ‘ਚ ਖ਼ਾਸ ਤੌਰ ‘ਤੇ ਸੜਕ ਸੁਰੱਖਿਆ ਅਤੇ ਇਸ ਦੇ ਲਾਗੂ ਕਰਨ ਨਾਲ ਸੰਬੰਧਤ ਸੋਧਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ, ਜਦਕਿ ਸੀ ਐੱਸ ਸੀ ਐੱਲ ਚੰਡੀਗੜ੍ਹ ਦੇ ਨੁਮਾਇੰਦੇ ਅਸ਼ੀਸ਼ ਸ਼ਰਮਾ ਨੇ ਚੰਡੀਗੜ੍ਹ ‘ਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਅਤੇ ਸੀ ਸੀ ਟੀ ਵੀ ਚਲਾਨਿੰਗ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ |

LEAVE A REPLY

Please enter your comment!
Please enter your name here