ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਪੁਲਸ ਨੇ ਵੀਰਵਾਰ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਪ੍ਰਦੀਪ ਨੂੰ 6 ਸ਼ੂਟਰਾਂ ਨੇ ਬੀਤੀ 10 ਨਵੰਬਰ ਨੂੰ ਕੋਟਕਪੂਰਾ ਵਿਖੇ ਉਸ ਦੀ ਦੁਕਾਨ ਦੇ ਬਾਹਰ ਮੌਤ ਦੇ ਘਾਟ ਉਤਾਰ ਦਿੱਤਾ ਸੀ |
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ (26) ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ (22) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ, ਜਦਕਿ ਤੀਜੇ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ਼ ਮੰਨਾ ਵਾਸੀ ਸ੍ਰੀ ਮੁਕਤਰ ਸਾਹਿਬ ਵਜੋਂ ਹੋਈ ਹੈ |
ਉਹਨਾ ਕਿਹਾ ਕਿ ਪੰਜਾਬ ਪੁਲਸ ਨੇ ਪਹਿਲੇ ਦਿਨ ਹੀ ਦੋ ਮੁੱਖ ਸ਼ੂਟਰ ਮਨਪ੍ਰੀਤ ਮਨੀ ਅਤੇ ਭੁਪਿੰਦਰ ਗੋਲਡੀ ਦੀ ਪਛਾਣ ਕਰ ਲਈ ਸੀ ਅਤੇ ਇਸ ਸੰਬੰਧ ਵਿੱਚ ਪੁਲਸ ਵੱਲੋਂ ਵਿਆਪਕ ਛਾਪੇਮਾਰੀ ਕੀਤੀ ਜਾ ਰਹੀ ਸੀ | ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਸਾਂਝੀ ਕਾਰਵਾਈ ਦੌਰਾਨ ਕਾਊਾਟਰ ਇੰਟੈਲੀਜੈਂਸ ਜਲੰਧਰ, ਹੁਸ਼ਿਆਰਪੁਰ ਪੁਲਸ ਅਤੇ ਫਰੀਦਕੋਟ ਪੁਲਸ ਨੇ ਹੁਸ਼ਿਆਰਪੁਰ ਜ਼ਿਲੇ੍ਹ ਦੇ ਬਾਹਰੀ ਇਲਾਕੇ ਤੋਂ ਦੋਵਾਂ ਸ਼ੂਟਰਾਂ ਨੂੰ ਕਾਬੂ ਕੀਤਾ, ਜਦੋਂ ਉਹ ਹਿਮਾਚਲ ਪ੍ਰਦੇਸ਼ ਨੂੰ ਭੱਜਣ ਲਈ ਬੱਸ ਦੀ ਉਡੀਕ ਕਰ ਰਹੇ ਸਨ | ਉਨ੍ਹਾ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਦੋਵੇਂ ਸ਼ੂਟਰਾਂ ‘ਤੇ ਫਿਰੌਤੀ ਅਤੇ ਹੋਰ ਅਪਰਾਧਾਂ ਨਾਲ ਸੰਬੰਧਤ ਮਾਮਲੇ ਦਰਜ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਮਦਦ ਕਰਨ ਵਾਲੇ ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਦੇ ਨੈੱਟਵਰਕ ਵੱਲੋਂ ਰਚੀ ਗਈ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣ ਦੀ ਆਸ ਹੈ |
ਯਾਦਵ ਨੇ ਦੱਸਿਆ ਕਿ ਅਜਿਹੀ ਇੱਕ ਹੋਰ ਸਫਲਤਾ ਦਰਜ ਕਰਦਿਆਂ ਫਰੀਦਕੋਟ ਪੁਲਸ ਨੇ ਬਲਜੀਤ ਮੰਨਾ, ਜਿਸ ਨੇ ਦੋ ਨਬਾਲਗਾਂ ਅਤੇ ਜਤਿੰਦਰ ਜੀਤੂ ਵਜੋਂ ਪਛਾਣੇ ਗਏ ਹਰਿਆਣਾ ਦੇ ਤਿੰਨ ਸ਼ੂਟਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਿਤੀ ਸੀ, ਦੇ ਦੋਸ਼ ਵਿੱਚ ਫਰੀਦਕੋਟ ਦੇ ਜੈਤੋ ਖੇਤਰ ਤੋਂ ਗਿ੍ਫਤਾਰ ਕੀਤਾ ਹੈ | ਹਰਿਆਣਾ ਦੇ ਤਿੰਨਾਂ ਸ਼ੂਟਰਾਂ ਨੂੰ ਕੁਝ ਦਿਨ ਪਹਿਲਾਂ ਦਿੱਲੀ ਸਪੈਸ਼ਲ ਸੈੱਲ ਨੇ ਗਿ੍ਫਤਾਰ ਕੀਤਾ ਸੀ |




