ਅਮਿਤ ਸ਼ਾਹ ਦੀ ਝਿਜਕ

0
258

2017 ਵਿਚ ਪਿਛਲੀਆਂ ਗੁਜਰਾਤ ਅਸੰਬਲੀ ਚੋਣਾਂ ਵੇਲੇ ਭਾਜਪਾ ਦਾ ਪ੍ਰਧਾਨ ਹੁੰਦਿਆਂ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਪਾਰਟੀ 182 ਵਿੱਚੋਂ 150 ਸੀਟਾਂ ਜਿੱਤੇਗੀ, ਪਰ ਪੱਲੇ 99 ਸੀਟਾਂ ਪਈਆਂ ਸਨ | 2021 ਦੀਆਂ ਪੱਛਮੀ ਬੰਗਾਲ ਅਸੰਬਲੀ ਚੋਣਾਂ ਤੋਂ ਪਹਿਲਾਂ ਸ਼ਾਹ ਨੇ 200 ਤੋਂ ਵੱਧ ਸੀਟਾਂ ਜਿੱਤਣ ਦੀ ਪੇਸ਼ੀਨਗੋਈ ਕੀਤੀ ਸੀ ਤੇ ਪੱਲੇ ਪਈਆਂ ਸਨ 77 ਸੀਟਾਂ | ਹੁਣ ਉਹ ਦੇਸ਼ ਦੇ ਗ੍ਰਹਿ ਮੰਤਰੀ ਹੁੰਦਿਆਂ ਪ੍ਰਚਾਰ ਕਰ ਰਹੇ ਹਨ, ਪਰ ਜਿੱਤਣ ਵਾਲੀਆਂ ਸੀਟਾਂ ਦੀ ਗਿਣਤੀ ਨਹੀਂ ਦੱਸ ਰਹੇ | ਰੈਲੀਆਂ ਤੇ ਇੰਟਰਵਿਊ ਵਿਚ ਇਹੀ ਕਹਿ ਰਹੇ ਹਨ ਕਿ ‘ਰਿਕਾਰਡ ਵਿਜੇ ਹੋਗੀ’ ਅਤੇ ‘2022 ਮੇਂ ਸਾਰੇ ਰਿਕਾਰਡ ਟੂਟੇਂਗੇ’ |
ਹਰ ਵੇਲੇ ਹਮਲਾਵਰ ਰਹਿੰਦੇ ਸ਼ਾਹ ਦਾ ਸਟੀਕ ਭਵਿੱਖਬਾਣੀ ਤੋਂ ਭੱਜਣਾ ਦਰਸਾਉਂਦਾ ਹੈ ਕਿ ਲੜਾਈ ਫਸਵੀਂ ਹੈ, ਭਾਵੇਂ ਕਿ ਭਾਜਪਾ ਦੇ ਆਗੂ ਪ੍ਰਚਾਰ ਦੌਰਾਨ ਸ਼ਾਨਦਾਰ ਜਿੱਤ ਦੇ ਦਾਅਵੇ ਕਰ ਰਹੇ ਹਨ | ਇਕ ਸੀਨੀਅਰ ਭਾਜਪਾ ਆਗੂ ਨੇ ਤਾਂ ਮੰਨਿਆ ਵੀ ਹੈ ਕਿ ਅਮਿਤ ਭਾਈ ਦਾ ਸੀਟਾਂ ਬਾਰੇ ਸਪੱਸ਼ਟ ਦਾਅਵਾ ਨਾ ਕਰਨਾ ਦਰਸਾਉਂਦਾ ਹੈ ਮੁਕਾਬਲਾ ਬੜਾ ਸਖਤ ਹੋਣ ਵਾਲਾ ਹੈ | ਇਹੀ ਕਾਰਨ ਹੈ ਕਿ ਸਾਰੇ ਕੇਂਦਰੀ ਮੰਤਰੀਆਂ ਤੇ ਭਾਜਪਾ ਮੁੱਖ ਮੰਤਰੀਆਂ ਨੂੰ ਗੁਜਰਾਤ ਵੱਲ ਵਹੀਰਾਂ ਘੱਤਣ ਲਈ ਕਿਹਾ ਗਿਆ ਹੈ | ਪਾਰਟੀ ਆਗੂਆਂ ਨੂੰ ਕਿਹਾ ਗਿਆ ਹੈ ਕਿ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਜਾਵੇ | ਵੱਡੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਰੋਜ਼ਾਨਾ ਘੱਟੋ-ਘੱਟ ਤਿੰਨ ਹਲਕਿਆਂ ਵਿਚ ਛੋਟੀਆਂ-ਵੱਡੀਆਂ ਰੈਲੀਆਂ ਕਰਨ | ਰਹੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਉਹ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸੂਬੇ ਦੇ ਕਈ ਗੇੜੇ ਲਾ ਗਏ ਹਨ ਤੇ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਉਦਘਾਟਨ ਕਰਨ ਦੀਆਂ ਰਸਮਾਂ ਵੀ ਨਿਭਾਅ ਗਏ ਹਨ | ਇਕ ਤਰ੍ਹਾਂ ਨਾਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਹ ਕਾਫੀ ਪ੍ਰਚਾਰ ਕਰ ਗਏ ਹਨ | ਹੁਣ ਵੀ ਉਨ੍ਹਾ ਦੇ ਤਿੰਨ-ਤਿੰਨ ਦਿਨ ਦੇ ਚੋਣ ਪ੍ਰੋਗਰਾਮ ਤੈਅ ਹਨ | ਐਤਕੀਂ ਦੀਆਂ ਚੋਣਾਂ ਵਿਚ ਅੰਧ-ਰਾਸ਼ਟਰਵਾਦ ਤੇ ਹਿੰਦੂਵਾਦ ਜ਼ਿਆਦਾ ਕਾਟ ਨਹੀਂ ਕਰ ਰਹੇ | ਹਿਮਾਚਲ ਅਸੰਬਲੀ ਚੋਣਾਂ ਵਿਚ ਵੀ ਲੋਕਾਂ ਨੇ ਸਥਾਨਕ ਮੁੱਦਿਆਂ ‘ਤੇ ਹੀ ਜ਼ਿਆਦਾਤਰ ਵੋਟਿੰਗ ਕੀਤੀ ਹੈ ਤੇ ਗੁਜਰਾਤ ਵਿਚ ਵੀ ਮੋਦੀ ਦੇ ਢਾਈ ਦਹਾਕੇ ਪੁਰਾਣੇ ਵਿਕਾਸ ਮਾਡਲ ਦੀ ਪਰਖ ਪਹਿਲੀ ਵਾਰ ਹੋਣ ਜਾ ਰਹੀ ਹੈ | ਪਹਿਲਾਂ ਤਾਂ ਹਿੰਦੂ-ਮੁਸਲਮ ਤੇ ਭਾਰਤ-ਪਾਕਿ ਦੇ ਮੁੱਦਿਆਂ ਨੂੰ ਉਛਾਲ ਕੇ ਭਾਜਪਾ ਵੋਟਾਂ ਬਟੋਰਦੀ ਰਹੀ ਹੈ | ਅਮਿਤ ਸ਼ਾਹ ਦਾ ਸੀਟਾਂ ਬਾਰੇ ਦਾਅਵਾ ਕਰਨ ਤੋਂ ਝਿਜਕਣਾ ਦਰਸਾਉਂਦਾ ਹੈ ਕਿ ਪਿਛਲੀ ਵਾਰ ਮਸੀਂ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਲਈ ਇਸ ਵਾਰ ਬਹੁਮਤ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ |

LEAVE A REPLY

Please enter your comment!
Please enter your name here