ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਨੈਸ਼ਨਲ ਹੇਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਪੱੁਛਗਿੱਛ ਲਈ ਸੱਦਿਆ ਹੈ | ਇਹ ਮਾਮਲਾ ਐਸੋਸੀਏਟਡ ਜਰਨਲਜ਼ ਲਿਮਟਿਡ (ਏ ਜੇ ਐੱਲ), ਜੋ ਨੈਸ਼ਨਲ ਹੇਰਾਲਡ ਅਖਬਾਰ ਚਲਾਉਂਦੀ ਸੀ, ਨੂੰ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਵੱਲੋਂ ਖਰੀਦਣ ਵਿਚ ਕੀਤੀ ਗਈ ਕਥਿਤ ਹੇਰਾਫੇਰੀ ਦਾ ਹੈ |
ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ 2013 ਵਿਚ ਟਰਾਇਲ ਕੋਰਟ ਵਿਚ ਨਿੱਜੀ ਫੌਜਦਾਰੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਸੋਨੀਆ ਪਰਵਾਰ ਨੇ ਯੰਗ ਇੰਡੀਅਨ ਕੰਪਨੀ ਰਾਹੀਂ ਨੈਸ਼ਨਲ ਹੇਰਾਲਡ ਅਖਬਾਰ ਦੀ ਸੰਪਤੀ ਖਰੀਦੀ | ਯੰਗ ਇੰਡੀਅਨ ਵਿਚ ਇਨ੍ਹਾਂ ਦੀ 86 ਫੀਸਦੀ ਹਿੱਸੇਦਾਰੀ ਹੈ |
ਕਾਂਗਰਸ ਦੇ ਸਾਂਸਦ ਤੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਹੈ ਕਿ ਸੋਨੀਆ ਤੇ ਰਾਹੁਲ ਈ ਡੀ ਅੱਗੇ ਪੇਸ਼ ਹੋਣਗੇ | ਉਨ੍ਹਾ ਕਿਹਾ ਕਿ ਕੇਂਦਰ ਸਿਆਸੀ ਬਦਲੇ ਵਜੋਂ ਈ ਡੀ ਨੂੰ ਵਰਤ ਰਿਹਾ ਹੈ | ਇਹ ਕੇਸ ਈ ਡੀ ਨੇ 2015 ਵਿਚ ਬੰਦ ਕਰ ਦਿੱਤਾ ਸੀ, ਪਰ ਸਰਕਾਰ ਨੇ ਉਹ ਅਫਸਰ ਬਦਲ ਕੇ ਮੁੜ ਜਾਂਚ ਸ਼ੁਰੂ ਕਰਵਾ ਦਿੱਤੀ |
ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ 8 ਜੂਨ ਨੂੰ ਸੱਦਿਆ ਗਿਆ ਹੈ ਤੇ ਉਹ ਪੇਸ਼ ਹੋਣਗੇ | ਰਾਹੁਲ ਗਾਂਧੀ ਨੂੰ 5 ਜੂਨ ਨੂੰ ਸੱਦਿਆ ਗਿਆ ਹੈ, ਪਰ ਉਹ ਵਿਦੇਸ਼ ਵਿਚ ਹੋਣ ਕਰਕੇ ਨਵੀਂ ਤਰੀਕ ਲੈਣਗੇ | ਸੋਨੀਆ ਤੇ ਰਾਹੁਲ ਇਸ ਮਾਮਲੇ ਵਿਚ ਜ਼ਮਾਨਤ ‘ਤੇ ਹਨ |