ਜਲੰਧਰ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮ ਵਿੱਚ ਹੋਰ ਕੁਸ਼ਲਤਾ ਲਿਆਉਂਦੇ ਹੋਏ ਵਿੱਤ ਕਮਿਸ਼ਨਰ ਮਾਲ ਅਨੁਰਾਗ ਅਗਰਵਾਲ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਭੌਂ ਰਿਕਾਰਡ ਪੰਜਾਬ ਕੈਪਟਨ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਟੈਕਨੀਕਲ ਟੀਮ ਜਲੰਧਰ ਵੱਲੋਂ ਮਾਲ ਵਿਭਾਗ ਦੇ ਸਾਫਟਵੇਅਰ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ |
ਇਸ ਰਾਹੀਂ ਆਮ ਲੋਕਾਂ ਦੀ ਸਹੂਲਤ ਅਤੇ ਮਾਲ ਮਹਿਕਮੇ ਦੀ ਪਾਰਦਰਸ਼ਤਾ ਲਈ ਕਈ ਨਵੇਂ ਉਪਰਾਲੇ ਕੀਤੇ ਗਏ ਹਨ | ਡਾਇਰੈਕਟਰ ਭੌਂ ਰਿਕਾਰਡ ਪੰਜਾਬ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਕੁੱਲ 177 ਫਰਦ ਕੇਂਦਰ ਤਹਿਸੀਲ/ ਸਬ-ਤਹਿਸੀਲ ਪੱਧਰ ‘ਤੇ ਸਥਾਪਤ ਕੀਤੇ ਜਾ ਚੁੱਕੇ ਹਨ | ਪਹਿਲਾਂ ਮਾਲਕ ਆਪਣੀ ਜ਼ਮੀਨ ਦੀ ਨਕਲ ਆਪਣੇ ਸੰਬੰਧਤ ਫਰਦ ਕੇਂਦਰ ਵਿੱਚੋਂ ਹੀ ਪ੍ਰਾਪਤ ਕਰ ਸਕਦਾ ਸੀ, ਪਰ ਹੁਣ ਕੋਈ ਵੀ ਸ਼ਹਿਰੀ ਪੰਜਾਬ ਰਾਜ ਦੇ ਕਿਸੇ ਵੀ ਫਰਦ ਕੇਂਦਰ ਤੋਂ ਆਪਣੀ ਜ਼ਮੀਨ ਦੀ ਨਕਲ ਪ੍ਰਾਪਤ ਕਰ ਸਕੇਗਾ | ਪ੍ਰਾਪਤ ਫਰਦ ਉੱਪਰ ਜਾਰੀ ਕਰਤਾ ਫਰਦ ਕੇਂਦਰ ਦੇ ਨਾਂਅ ਦੀ ਸੂਚਨਾ ਵੀ ਪਿ੍ੰਟ ਹੋਵੇਗੀ | ਇਸ ਦੇ ਨਾਲ ਹੀ ਰਾਜ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਪੰਜਾਬ ਸਰਕਾਰ ਵੱਲੋਂ ਲੈਪਟਾਪ ਮੁਹੱਈਆ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਰੈਵੀਨਿਊ ਸਾਫਟਵੇਅਰ ਸੰਬੰਧੀ ਟੇ੍ਰਨਿੰਗ ਦੇ ਕੇ ਸਮਰੱਥ ਬਣਾਇਆ ਗਿਆ ਹੈ | ਹੁਣ ਪਟਵਾਰੀ ਨੂੰ ਸਾਫ਼ਟਵੇਅਰ ਤੇ ਮਾਲ ਰਿਕਾਰਡ ਦੀ ਅਪਡੇਸ਼ਨ ਲਈ ਫਰਦ ਕੇਂਦਰ ਆਉਣ ਦੀ ਲੋੜ ਨਹੀਂ ਪਵੇਗੀ, ਉਹ ਕਿਸੇ ਵੀ ਜਗ੍ਹਾ ਤੋਂ ਆਪਣਾ ਕੰਮ ਕਰ ਸਕੇਗਾ | ਸਾਫਟਵੇਅਰ ਨੂੰ ਵੀ ਤਕਨੀਕੀ ਤੌਰ ‘ਤੇ ਹੋਰ ਸੁਰੱਖਿਅਤ ਬਣਾਇਆ ਗਿਆ ਹੈ, ਜਿਸ ਰਾਹੀਂ ਹੁਣ ਪਟਵਾਰੀ ਕੇਵਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਲੈਪਟਾਪ ‘ਤੇ ਹੀ ਕੰਮ ਕਰ ਸਕੇਗਾ | ਫਸਲਾਂ ਦੀ ਗਿਰਦਾਵਰੀ ਕਰਨ ਲਈ ਵੀ ਹੁਣ ਪਟਵਾਰੀ ਨੂੰ ਈ-ਗਿਰਦਾਵਰੀ ਮੋਬਾਇਲ ਐਪਲੀਕੇਸ਼ਨ ਮੁਹੱਈਆ ਕਰਵਾ ਦਿੱਤੀ ਗਈ ਹੈ, ਜਿਸ ਰਾਹੀਂ ਪਟਵਾਰੀ ਮੌਕੇ ‘ਤੇ ਜਾ ਕੇ ਉਕਤ ਮੋਬਾਇਲ ਐਪ ਰਾਹੀਂ ਗਿਰਦਾਵਰੀ ਦਰਜ ਕਰ ਸਕਦਾ ਹੈ | ਇਸ ਨਾਲ ਜਿੱਥੇ ਪਟਵਾਰੀ ਦਾ ਕੰਮ ਸੌਖਾ ਹੋਇਆ ਹੈ, ਉਥੇ ਰਿਕਾਰਡ ਵਿੱਚ ਪਾਰਦਰਸ਼ਤਾ ਵੀ ਆਵੇਗੀ |




