ਜਲੰਧਰ (ਰਾਜੇਸ਼ ਥਾਪਾ, ਕਮਲਜੀਤ ਪਵਾਰ, ਇਕਬਾਲ ਸਿੰਘ ਉੱਭੀ)
ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਨੇ ਆਪਣੀ ਬੰਦੂਕ ਨਾਲ ਗੋਲੀ ਮਾਰ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਰਵਾਰ ‘ਚ ਚੱਲ ਰਹੇ ਕਿਸੇ ਵਿਵਾਦ ਤੋਂ ਚਿੰਤਤ ਸੀ | ਇਸੇ ਵਿਵਾਦ ਕਰਕੇ ਉਹ ਪਿਛਲੇ ਚਾਰ ਦਿਨਾਂ ਤੋਂ ਛੁੱਟੀ ‘ਤੇ ਵੀ ਸੀ | ਉਹ ਵੀਰਵਾਰ ਹੀ ਡਿਊਟੀ ‘ਤੇ ਪਰਤਿਆ ਸੀ | ਗੰਨਮੈਨ ਪਵਨ ਕੁਮਾਰ ਵਾਸੀ ਮਹਿਤਪੁਰ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ | ਘਟਨਾ ਵੇਲੇ ਉਹ ਵਿਧਾਇਕ ਦੇ ਦਾਨਿਸ਼ਮੰਦਾਂ ਸਥਿਤ ਘਰ ‘ਤੇ ਇਕੱਲਾ ਸੀ | ਵਿਧਾਇਕ ਅਤੇ ਉਨ੍ਹਾ ਦਾ ਪੂਰਾ ਪਰਵਾਰ ਬਸਤੀਆਂ ‘ਚ ਸਥਿਤ ਬਾਬਾ ਬਾਲਕ ਨਾਥ ਮੰਦਰ ਗਿਆ ਹੋਇਆ ਸੀ | ਗੰਨਮੈਨ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਪਵਨ ਬਿਮਾਰ ਹੋਣ ਕਾਰਨ ਡਿਊਟੀ ‘ਤੇ ਨਹੀਂ ਜਾਣਾ ਚਾਹੁੰਦਾ ਸੀ, ਪਰ ਵਿਧਾਇਕ ਨੇ ਜ਼ਬਰਦਸਤੀ ਬੁਲਾ ਕੇ ਗੋਲੀ ਮਾਰ ਦਿੱਤੀ | ਪਵਨ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਮੱਟੂ ਵਾਸੀ ਮਲਕੋ ਨੇ ਦੱਸਿਆ ਕਿ ਪਵਨ ਮੇਰੇ ਸਾਲੇ ਦਾ ਬੇਟਾ ਸੀ, ਸੂਝਵਾਨ ਸੀ, ਉਹ ਕਦੇ ਵੀ ਆਤਮਹੱਤਿਆ ਨਹੀਂ ਕਰ ਸਕਦਾ, ਉਸ ਨੂੰ ਮਾਰਿਆ ਗਿਆ ਹੈ | ਉਸ ਦਾ ਵਿਆਹ ਹੋਏ ਨੂੰ ਅਜੇ ਇੱਕ ਸਾਲ ਵੀ ਨਹੀਂ ਹੋਇਆ | ਪਵਨ ਨੂੰ ਸਾਜਿਸ਼ ਤਹਿਤ ਮਾਰਿਆ ਗਿਆ ਹੈ | ਉਸ ਨੇ ਆਪਣਾ ਡਾਕਟਰ ਕੋਲ ਟੈਸਟ ਕਰਵਾਉਣਾ ਸੀ ਤੇ ਫੋਨ ਕਰਕੇ ਬੁਲਾਇਆ ਗਿਆ | ਉਸ ਦੇ ਸਹੁਰੇ ਬਲਦੇਵ ਸਿੰਘ ਵਾਸੀ ਅਠੌਲਾ ਨੇ ਦੱਸਿਆ ਕਿ ਉਹ ਆਪਣੇ ਗੋਲੀ ਆਪ ਨਹੀਂ ਮਾਰ ਸਕਦਾ, ਉਸ ਨੂੰ ਮਾਰਿਆ ਗਿਆ ਹੈ |
ਪਵਨ ਦੇ ਚਾਚੇ ਬਲਵੀਰ ਨੇ ਕਿਹਾ ਕਿ ਪਵਨ ਮਰਿਆ ਨਹੀਂ, ਮਰਵਾਇਆ ਗਿਆ ਹੈ, ਇਸ ਦੀ ਬਰੀਕੀ ਨਾਲ ਜਾਂਚ ਹੋਵੇ ਕਿ ਉਸ ਨੂੰ ਬਿਮਾਰ ਹੋਣ ਕਰਕੇ ਛੁੱਟੀ ‘ਤੇ ਹੋਣ ਕਾਰਨ ਕਿਉਂ ਫੋਨ ਕਰਕੇ ਬੁਲਾਇਆ ਗਿਆ | ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਵਨ ਵਿਧਾਇਕ ਦੇ ਸਾਰੇ ਗਲਤ ਕੰਮ ਜਾਣਦਾ ਸੀ ਕਿ ਉਸ ਦੇ ਡਰੱਗ ਮਾਫੀਆ ਅਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਨਾਨ-ਨਾਲ ਉਸ ਦਾ ਕਈ ਧੰਦਿਆਂ ਵਿੱਚ ਹੱਥ ਹੈ ਤੇ ਪਵਨ ਤੋਂ ਵਿਧਾਇਕ ਨੂੰ ਖਤਰਾ ਹੋ ਗਿਆ ਸੀ | ਇਸ ਕਰਕੇ ਉਸ ਨੇ ਇਸ ਨੂੰ ਮਰਵਾ ਦਿੱਤਾ | ਸਾਡੀ ਮੰਗ ਹੈ ਕਿ ਇਸ ਕੇਸ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਤਾਂ ਕਿ ਅਸਲ ਸੱਚ ਸਾਹਮਣੇ ਆ ਸਕੇ | ਦੂਜੇ ਪਾਸੇ ਵਿਧਾਇਕ ਅੰਗੂਰਾਲ ਨੇ ਕਿਹਾ ਹੈ ਕਿ ਸ਼ਰਾਰਤੀ ਤੱਤ ਪਰਵਾਰ ਨੂੰ ਭੜਕਾ ਰਹੇ ਹਨ | ਪੁਲਸ ਜਲਦੀ ਤੋਂ ਜਲਦੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਵੇ |