15.2 C
Jalandhar
Monday, November 25, 2024
spot_img

ਕਸ਼ਮੀਰ ‘ਚ ਬੈਂਕ ਮੈਨੇਜਰ ਦੀ ਹੱਤਿਆ, ਗੈਰ-ਮੁਸਲਮਾਨਾਂ ਵੱਲੋਂ ਹਿਜਰਤ ਦੀ ਤਿਆਰੀ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਵੀਰਵਾਰ ਦਹਿਸ਼ਤਗਰਦਾਂ ਨੇ ਰਾਜਸਥਾਨ ਦੇ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਲਾਕਾਈ ਦੇਹਾਤੀ ਬੈਂਕ ਦੇ ਮੈਨੇਜਰ ਵਿਜੈ ਕੁਮਾਰ ਨੂੰ ਬੈਂਕ ਕੰਪਲੈਕਸ ਦੇ ਅੰਦਰ ਹੀ ਗੋਲੀ ਮਾਰੀ ਗਈ | ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਸੀ ਸੀ ਟੀ ਵੀ ਵਿਚ ਨਜ਼ਰ ਆ ਰਿਹਾ ਹੈ ਕਿ ਕਾਤਲ ਅੰਦਰ ਵੜਦਾ ਹੈ ਤੇ ਗੋਲੀਆਂ ਮਾਰ ਕੇ ਭੱਜ ਜਾਂਦਾ ਹੈ |
ਪਹਿਲੀ ਮਈ ਤੋਂ ਬਾਅਦ ਇਹ ਤੀਜੀ ਵਾਰ ਹੈ, ਜਦੋਂ ਘਾਟੀ ‘ਚ ਕਿਸੇ ਗੈਰ-ਮੁਸਲਿਮ ਸਰਕਾਰੀ ਕਰਮਚਾਰੀ ਦੀ ਹੱਤਿਆ ਕੀਤੀ ਗਈ ਹੈ | ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ‘ਚ ਟਾਰਗੇਟ ਕਿਲਿੰਗ ਦਾ ਇਹ ਅੱਠਵਾਂ ਮਾਮਲਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਇਲਾਕਾਈ ਦੇਹਾਤੀ ਬੈਂਕ ਦੀ ਅਰੇਹ ਮੋਹਨਪੋਰਾ ਬਰਾਂਚ ਦਾ ਮੈਨੇਜਰ ਸੀ | ਦੋ ਦਿਨ ਪਹਿਲਾਂ ਕੁਲਗਾਮ ਵਿਚ ਹੀ ਸਾਂਬਾ ਤੋਂ ਆ ਕੇ ਉਥੇ ਪੜ੍ਹਾਉਂਦੀ ਅਧਿਆਪਕਾ ਰਜਨੀ ਬਾਲਾ ਦੀ ਸਕੂਲ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸੇ ਦੌਰਾਨ ਪ੍ਰਵਾਸੀ ਕਸ਼ਮੀਰੀ ਪੰਡਤ ਮੁਲਾਜ਼ਮਾਂ ਨੇ ਸ਼ੁੱਕਰਵਾਰ ਵਾਦੀ ਛੱਡ ਦੇਣ ਦਾ ਫੈਸਲਾ ਕੀਤਾ ਹੈ | ਸੁਰੱਖਿਆ ਜਵਾਨਾਂ ਦੇ ਪਹਿਰੇ ਵਿਚ ਵੱਖ-ਵੱਖ ਟਰਾਂਜ਼ਿਟ ਕੈਂਪਾਂ ਵਿਚ ਰਹਿ ਕੇ ਨੌਕਰੀਆਂ ਕਰਨ ਵਾਲੇ ਮੁਲਾਜ਼ਮ ਕੁਝ ਦਿਨਾਂ ਤੋਂ ਪ੍ਰੋਟੈੱਸਟ ਕਰ ਰਹੇ ਸਨ ਤੇ ਹੁਣ ਉਨ੍ਹਾਂ ਵੀਰਵਾਰ ਪ੍ਰੋਟੈੱਸਟ ਖਤਮ ਕਰ ਦਿੱਤਾ ਹੈ | ਮੁਲਾਜ਼ਮਾਂ ਦੇ ਕੋਆਰਡੀਨੇਟਰ ਅਮਿਤ ਰੈਣਾ ਨੇ ਕਿਹਾ ਕਿ ਪ੍ਰੋਟੈੱਸਟ ਦੇ ਬਾਵਜੂਦ ਟਾਰਗੇਟ ਕਿਲਿੰਗ ਰੁਕ ਨਹੀਂ ਰਹੀਆਂ ਤੇ ਉਹ ਸ਼ੁੱਕਰਵਾਰ ਵਾਦੀ ਵਿਚੋਂ ਨਿਕਲ ਕੇ ਜੰਮੂ ਚਲੇ ਜਾਣਗੇ | ਨੈਸ਼ਨਲ ਕਾਨਫਰੰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਕਈ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ | ਵਿਜੈ ਕੁਮਾਰ ਨੇ ਹਫਤਾ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਸੀ | ਵਿਜੈ ਕੁਮਾਰ ਬੈਨੀਵਾਲ (26) ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਨੌਹਰ ਤਹਿਸੀਲ ਦੇ ਪਿੰਡ ਭਗਵਾਨ ਦਾ ਨਿਵਾਸੀ ਸੀ | ਉਸ ਨੇ ਪੀ ਓ ਦੇ ਅਹੁਦੇ ਤੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੀ ਕਾਬਲੀਅਤ ਦੇ ਜ਼ੋਰ ‘ਤੇ ਹੀ ਉਹ ਬੈਂਕ ਮੈਨੇਜਰ ਦੇ ਅਹੁਦੇ ਤੱਕ ਪਹੁੰਚਿਆ ਸੀ | ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ | ਉਸ ਦੇ ਪਿਤਾ ਨੌਹਰ ਤਹਿਸੀਲ ਦੇ ਪਿੰਡ ਬਿਰਕਾਲੀ ਦੇ ਸਰਕਾਰੀ ਸਕੂਲ ‘ਚ ਗਣਿਤ ਅਧਿਆਪਕ ਹਨ |

Related Articles

LEAVE A REPLY

Please enter your comment!
Please enter your name here

Latest Articles