ਚੰਡੀਗੜ੍ਹ : ਪੰਜਾਬ ਸੂਬਾ ਕੌਂਸਲ ਸੀ ਪੀ ਆਈ ਦੀ ਸੂਬਾ ਕਾਰਜਕਾਰਨੀ ਨੇ ਪੰਜਾਬ ਦੀ ਵਿਗੜ ਗਈ ਅਤੇ ਹੋਰ ਵਿਗੜ ਰਹੀ ਸਥਿਤੀ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ | ਪਾਰਟੀ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕਤਲ ਉਤੇ ਦੁੱਖ ਪ੍ਰਗਟ ਕਰਦਆਂ ਪਰਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਪੰਜਾਬ ਦੀ ਆਪ ਸਰਕਾਰ ਵੱਲੋਂ ਬਿਨਾਂ ਡੂੰਘੀ ਸੋਚ-ਵਿਚਾਰ ਸੁਰੱਖਿਆ ਕਟੌਤੀ ਕਰਨ ਅਤੇ ਮਸ਼ਹੂਰੀ ਖਾਤਰ ਇਸ ਨੂੰ ਜੱਗ-ਜ਼ਾਹਰ ਕਰਨ ਨੂੰ ਬੇਸਮਝੀ ਕਿਹਾ ਹੈ, ਹਾਲਾਂਕਿ ਪਾਰਟੀ ਨੇ ਅਸੂਲੀ ਤੌਰ ‘ਤੇ ਸੁਰੱਖਿਆ ਉਤੇ ਖਰਚੇ ਘੱਟ ਕਰਨ ਦੀ ਹਮਾਇਤ ਕੀਤੀ ਹੈ ਅਤੇ ਇਹ ਵੀ ਮੰਗ ਕੀਤੀ ਹੈ ਕਿ ਆਪ ਆਗੂਆਂ ਦੇ ਪਰਵਾਰਾਂ ਨੂੰ ਮਿਲਦੀ ਬੇਲੋੜੀ ਸੁਰੱਖਿਆ ਵਿਚ ਵੀ ਕਟੌਤੀ ਕੀਤੀ ਜਾਵੇ |
ਜ਼ਿਲ੍ਹਾ ਸੰਗਰੂਰ ਦੇ ਪਾਰਟੀ ਸਕੱਤਰ ਸੁਖਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾ ਕਾਰਜਕਾਰਨੀ ਦੀ ਲੁਧਿਆਣਾ ਪਾਰਟੀ ਦਫਤਰ ਵਿਖੇ ਬੀਤੇ ਦਿਨ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੀ 24ਵੀਂ ਸੂਬਾ ਕਾਨਫਰੰਸ ਸਤੰਬਰ ਦੇ ਪਹਿਲੇ ਹਫਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਵੇਗੀ | ਇਸ ਤੋਂ ਪਹਿਲਾਂ ਜ਼ਿਲ੍ਹਾ ਕਾਨਫਰੰਸਾਂ ਹੋਣਗੀਆਂ, ਜਿਹਨਾਂ ਲਈ ਸੂਬਾ ਕੇਂਦਰ ਵੱਲੋਂ ਅਬਜ਼ਰਬਰ ਨਿਯੁਕਤ ਕੀਤੇ ਗਏ ਅਤੇ 20194 ਦੀ ਮੈਂਬਰਸ਼ਿਪ ਵਿੱਚੋਂ 100 ਪਿਛੇ ਇਕ ਦੇ ਹਿਸਾਬ ਨਾਲ ਡੈਲੀਗੇਟ ਚੁਣੇ ਜਾਣਗੇ | ਮੀਟਿੰਗ ਨੇ ਗੁਰਨਾਮ ਕੰਵਰ ਵੱਲੋਂ ਪੇਸ਼ ਕੀਤੀ ਸਾਲ 2022 ਦੀ ਮੈਂਬਰਸ਼ਿਪ (19500) ਰਿਪੋਰਟ ਨੂੰ ਪ੍ਰਵਾਨਗੀ ਦਿੱਤੀ |
ਪਾਰਟੀ ਨੇ ਸੰਗਰੂਰ ਜ਼ਿਲਾ ਸਕੱਤਰ ਸੁਖਦੇਵ ਸ਼ਰਮਾ ਦੀ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਸੰਬੰਧੀ ਰਿਪੋਰਟ ਉਤੇ ਭਰਪੂਰ ਬਹਿਸ ਮਗਰੋਂ ਫੈਸਲਾ ਕੀਤਾ ਕਿ ਪਾਰਟੀ ਆਪ ਇਹ ਸੀਟ ਨਹੀਂ ਲੜੇਗੀ, ਜੇ ਕੋਈ ਖੱਬੀ ਪਾਰਟੀ ਲੜਨਾ ਚਾਹੁੰਦੀ ਹੈ ਤਾਂ ਸਾਰੀਆਂ ਖੱਬੀਆਂ ਪਾਰਟੀਆਂ ਵੱਲੋਂ ਇਕ ਸਾਂਝੇ ਉਮੀਦਵਾਰ ਲਈ ਕੋਸ਼ਿਸ਼ ਕਰੇਗੀ ਤਾਂ ਜੋ ਮੋਦੀ ਸਰਕਾਰ ਦੀਆਂ ਕਾਰਪੋਰੇਟ-ਪੱਖੀ ਅਤੇ ਘੱਟ ਗਿਣਤੀਆਂ ਵਿਰੋਧੀ, ਮਜ਼ਦੂਰਾਂ, ਕਿਸਾਨਾਂ-ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਚੁਕੀ ਜਾਵੇ ਅਤੇ ਪੰਜਾਬ ਦੀ ਸਰਕਾਰ ਦੀਆਂ ਹੁਣ ਤੱਕ ਦੀਆਂ ਅਸਫਲਤਾਵਾਂ ਦੀ ਨਿਖੇਧੀ ਕਰਦਿਆਂ ਕੀਤੇ ਵਾਅਦੇ ਪੂਰੇ ਕਰਨ ਲਈ ਦਬਾਅ ਬਣਾਇਆ ਜਾਵੇ ਅਤੇ ਖੱਬੀਆਂ ਤਾਕਤਾਂ ਨੂੰ ਇਕ ਮਜ਼ਬੂਤ, ਵਿਸ਼ਾਲ ਮੰਚ ‘ਤੇ ਲਾਮਬੰਦ ਕੀਤਾ ਜਾਵੇ | ਪਾਰਟੀ ਨੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੀਤੀ ਕਨਵੈਨਸ਼ਨ ਅਤੇ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਖੱਬੀਆਂ ਪਾਰਟੀਆਂ ਵੱਲੋਂ ਹਫਤਾ ਭਰ ਰੋਸ ਮੁਜ਼ਾਹਰੇ ਕਰਨ ਉਤੇ ਤਸੱਲੀ ਪ੍ਰਗਟ ਕੀਤੀ | ਆਰੰਭ ਵਿਚ ਪਾਰਟੀ ਨੇ ਪਿਛਲੇ ਸਮੇਂ ਵਿਛੜੇ ਸਾਥੀਆਂ ਪ੍ਰੀਤਮ ਸਿੰਘ ਕੁਦਰਤਵਾਦੀ, ਮੋਹਨ ਸਿੰਘ ਰਾਜਾਤਾਲ, ਸ਼ਿੰਗਾਰਾ ਸਿੰਘ ਐਡਵੋਕੇਟ ਅਤੇ ਹੋਰ ਸਾਥੀਆਂ ਨੂੰ ਦੋ ਮਿੰਟ ਮੌਨ ਖੜੇ ਹੋ ਕੇ ਸ਼ਰਧਾਂਜਲੀ ਅਰਪਿਤ ਕੀਤੀ | ਮੀਟਿੰਗ ਵਿਚ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕੌਮੀ ਕੌਂਸਲ ਮੈਂਬਰਾਨ ਭੁਪਿੰਦਰ ਸਾਂਬਰ, ਜਗਰੂਪ ਸਿੰਘ, ਨਿਰਮਲ ਧਾਲੀਵਾਲ, ਗੁਲਜ਼ਾਰ ਗੋਰੀਆ ਸਮੇਤ ਪੱਚੀ ਸਾਥੀ ਹਾਜ਼ਰ ਸਨ |