ਨਵੀਂ ਦਿੱਲੀ : ਹਵਾਈ ਯਾਤਰੀਆਂ ਲਈ ਕਾਗਜ਼ ਰਹਿਤ ਦਾਖਲੇ ਦੀ ਸਹੂਲਤ ਲਈ ‘ਡਿਜੀਯਾਤਰਾ’ ਪ੍ਰਣਾਲੀ ਵੀਰਵਾਰ ਤੋਂ ਦਿੱਲੀ, ਬੇਂਗਲੁਰੂ ਅਤੇ ਵਾਰਾਨਸੀ ਹਵਾਈ ਅੱਡਿਆਂ ‘ਤੇ ਸ਼ੁਰੂ ਹੋ ਗਈ | ਇਸ ਪ੍ਰਣਾਲੀ ‘ਚ ਯਾਤਰੀਆਂ ਦਾ ਚਿਹਰਾ ਉਨ੍ਹਾਂ ਦੀ ਪਛਾਣ ਦਾ ਕੰਮ ਕਰੇਗਾ | ਇਸ ਦਾ ਉਦਘਾਟਨ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ‘ਡਿਜੀਯਾਤਰਾ’ ਵਿਚ ਡਿਜੀਟਲ ਚਿਹਰੇ ਦੀ ਪਛਾਣ ਦੇ ਜ਼ਰੀਏ ਹਵਾਈ ਅੱਡੇ ‘ਚ ਦਾਖਲੇ ਦੀ ਸਹੂਲਤ ਦੇਵੇਗੀ ਤੇ ਯਾਤਰੀਆਂ ਨਾਲ ਜੁੜੇ ਡਾਟਾ ਨੂੰ ਵਿਕੇਂਦਰੀਕਿ੍ਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇਗਾ |
ਅਗਲੇ ਸਾਲ ਮਾਰਚ ਤੱਕ ਹੈਦਰਾਬਾਦ, ਪੁਣੇ, ਵਿਜੇਵਾੜਾ ਅਤੇ ਕੋਲਕਾਤਾ ਦੇ ਹਵਾਈ ਅੱਡਿਆਂ ‘ਤੇ ਵੀ ‘ਡਿਜੀਯਾਤਰਾ’ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ | ਇਹ ਸਹੂਲਤ ਘਰੇਲੂ ਉਡਾਣਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ ਅਤੇ ਇਹ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਉਪਲਬੱਧ ਹੈ |