ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਨਾ ਕੀਤੇ ਜਾਣ ਦੇ ਇਕ ਦਿਨ ਬਾਅਦ ਵੀਰਵਾਰ ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਨੇ ਸੀਨੀਅਰ ਆਗੂਆਂ ਦੇ ਮੁਤਵਾਜ਼ੀ ਪਾਵਰ ਗਰੁੱਪ ਦੇ ਵਿਸਥਾਰ ਦਾ ਐਲਾਨ ਕੀਤਾ | ਇਹ ਆਗੂ ਪਾਰਟੀ ਲੀਡਰਸ਼ਿਪ ਵਿਚ ਤਬਦੀਲੀ ਅਤੇ ਪੰਜਾਬ ਤੇ ਲੋਕ ਮੁਖੀ ਨੀਤੀਆਂ ‘ਤੇ ਚੱਲਣ ‘ਤੇ ਜ਼ੋਰ ਦੇ ਰਹੇ ਹਨ | ਬਰਾੜ ਨੇ ਕਿਹਾ ਕਿ ‘ਸ਼ੋ੍ਰਮਣੀ ਅਕਾਲੀ ਦਲ ਏਕਤਾ ਤਾਲਮੇਲ ਪੈਨਲ’ ਦਾ ਉਦੇਸ਼ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰੋਡਮੈਪ ਤਿਆਰ ਕਰਨਾ ਹੈ |
ਪ੍ਰੈੱਸ ਕਾਨਫਰੰਸ ਦੌਰਾਨ ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਮੰਨਦੇ ਹਨ, ਬਰਾੜ ਨੇ ਕਿਹਾ ਕਿ ਸੁਖਬੀਰ ਪ੍ਰਧਾਨ ਹਨ, ਪਰ ਲੀਡਰਸ਼ਿਪ ਨੇ ਕਈ ਅਸੰਵਿਧਾਨਕ ਫੈਸਲੇ ਕੀਤੇ ਹਨ, ਜਿਨ੍ਹਾਂ ਦਾ ਉਹ ਵਿਰੋਧ ਕਰਦੇ ਹਨ | ਉਨ੍ਹਾ ਕਿਹਾ ਕਿ ਉਹ ਬਾਦਲ ਪਰਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ‘ਤੇ ਕਿੰਤੂ ਨਹੀਂ ਕਰ ਰਹੇ ਪਰ ਪਾਰਟੀ ‘ਤੇ ਪਰਵਾਰ ਦਾ 55 ਸਾਲ ਤੋਂ ਦਬਦਬਾ ਚੱਲ ਰਿਹਾ ਹੈ | ਲੀਡਰਸ਼ਿਪ ਦੀ ਮਨਜ਼ੂਰੀ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਨ ‘ਤੇ ਕੱਢੀ ਗਈ ਬੀਬੀ ਜਗੀਰ ਕੌਰ ਦੀ ਹਮਾਇਤ ਕਰਦਿਆਂ ਬਰਾੜ ਨੇ ਕਿਹਾ ਕਿ ਬੀਬੀ ਨੂੰ ਪਾਰਟੀ ਵਿੱਚੋਂ ਕੱਢਣਾ ਅਸੰਵਿਧਾਨਕ ਸੀ | ਉਸ ਨਾਲ ਕੀਤਾ ਗਿਆ ਸਲੂਕ ਤੇ ਵਰਤੀ ਗਈ ਭਾਸ਼ਾ ਢੁੱਕਵੀਂ ਨਹੀਂ ਸੀ | ਉਨ੍ਹਾ ਸ਼ੋ੍ਰਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਜਿਹੜੇ ਕਿ ਹੁਣ ਪਾਰਟੀ ਪ੍ਰਧਾਨ ਦੇ ਕੌਮੀ ਸਲਾਹਕਾਰ ਨਹੀਂ ਰਹੇ, ਦੀ ਵੀ ਹਮਾਇਤ ਕਰਦਿਆਂ ਕਿਹਾ ਕਿ ਬੈਂਸ ਨੇ ਜ਼ਿੰਦਗੀ ਪਾਰਟੀ ਦੇ ਲੇਖੇ ਲਈ | ਉਹ ਸਤਿਕਾਰ ਦੇ ਹੱਕਦਾਰ ਹਨ |
ਬਰਾੜ ਨੇ ਕਿਹਾ ਕਿ ਏਕਤਾ ਪੈਨਲ ਵਿਚ 12 ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ | ਇਨ੍ਹਾਂ ਵਿਚ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਤੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਵੀ ਹਨ | ਸੁਖਬੀਰ ਬਾਦਲ ਵੱਲੋਂ ਬੁੱਧਵਾਰ ਐਲਾਨੀ ਗਈ ਕੋਰ ਕਮੇਟੀ ਅਤੇ ਪ੍ਰਧਾਨ ਦੀ ਸਲਾਹਕਾਰ ਬੋਰਡ ਵਿਚ ਕੈਰੋਂ ਨੂੰ ਵੀ ਨਹੀਂ ਸ਼ਾਮਲ ਕੀਤਾ ਗਿਆ | ਨਵੇਂ ਸ਼ਾਮਲ ਕੀਤੇ ਗਏ ਹੋਰਨਾਂ ਮੈਂਬਰਾਂ ਵਿਚ ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਰਵੀਕਿਰਨ ਸਿੰਘ ਕਾਹਲੋਂ, ਰਤਨ ਸਿੰਘ ਅਜਨਾਲਾ, ਗਗਨਜੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਔਲਖ, ਅਲਵਿੰਦਰ ਸਿੰਘ ਪੱਖੋਕੇ, ਪ੍ਰਵੀਨ ਨੁਸਰਤ, ਹਰਬੰਸ ਸਿੰਘ ਮੰਝਪੁਰ, ਅਮਨਦੀਪ ਸਿੰਘ ਮਾਂਗਟ ਤੇ ਨਰਿੰਦਰ ਸਿੰਘ ਕਾਲੇਕਾ ਹਨ | ਬਰਾੜ ਨੇ ਕਿਹਾ ਕਿ ਉਨ੍ਹਾ ਨੂੰ ਤਾਂ ਆਸ ਨਹੀਂ ਸੀ ਕਿ ਕੋਰ ਕਮੇਟੀ ਵਿਚ ਲਏ ਜਾਣਗੇ, ਪਰ ਸਦਮਾ ਪੁੱਜਿਆ ਕਿ ਮਾਲੇਰਕੋਟਲਾ ਤੋਂ ਕਿਸੇ ਮੁਸਲਮ ਆਗੂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ | ਉਨ੍ਹਾ ਕਿਹਾ ਕਿ ਪੈਨਲ 9 ਦਸੰਬਰ ਨੂੰ ਮੀਟਿੰਗ ਕਰਕੇ ਅਗਲੀ ਚੋਣ ਤੋਂ ਪਹਿਲਾਂ ਪਾਰਟੀ ਨੂੰ ਤਕੜਾ ਕਰਨ ਉੱਤੇ ਵਿਚਾਰ-ਵਟਾਂਦਰਾ ਕਰੇਗਾ |