ਲਖਨਊ : ਕੈਸਰਗੰਜ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ਸਿੰਘ ਨੇ ਯੋਗ ਗੁਰੂ ਬਾਬਾ ਰਾਮਦੇਵ ‘ਤੇ ਪਤੰਜਲੀ ਬ੍ਰਾਂਡ ਨਾਂਅ ਨਾਲ ਨਕਲੀ ਘਿਓ ਵੇਚਣ ਦਾ ਦੋਸ਼ ਲਾਉਂਦਿਆਂ ਉਸ ‘ਤੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਰਾਮਦੇਵ ‘ਕਪਾਲ ਭਾਤੀ’ ਨੂੰ ਗਲਤ ਤਰੀਕੇ ਨਾਲ ਸਿਖਾ ਰਿਹਾ, ਜਿਸ ਦਾ ਉਸ ਦੀ ਸਿੱਖਿਆ ‘ਤੇ ਚੱਲਣ ਵਾਲਿਆਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਉਨ੍ਹਾ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਜ਼ਾਰ ਤੋਂ ਘਿਓ ਖਰੀਦਣ ਦੀ ਬਜਾਏ ਆਪਣੇ ਘਰਾਂ ‘ਚ ਗਾਂ ਜਾਂ ਮੱਝ ਰੱਖਣ | ਉਨ੍ਹਾ ਕਿਹਾ ਕਿ ਕਮਜ਼ੋਰ ਦੀ ਔਲਾਦ ਕਮਜ਼ੋਰ ਪੈਦਾ ਹੁੰਦੀ ਹੈ ਤੇ ਸਿਹਤਮੰਦ ਦੀ ਸਿਹਤਮੰਦ | ਸਿਹਤਮੰਦ ਰਹਿਣ ਲਈ ਘਰ ‘ਚ ਸਫਾਈ ਅਤੇ ਖਾਲਸ ਦੁੱਧ ਤੇ ਘਿਓ ਜ਼ਰੂਰੀ ਹੈ |
ਉਨ੍ਹਾ ਕਿਹਾ-ਮੈਂ ਛੇਤੀ ਸਾਧੂ-ਸੰਤਾਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਹਾਰਿਸ਼ੀ ਪਤੰਜਲੀ ਦੇ ਨਾਂਅ ਦੀ ਦੁਰਵਰਤੋਂ ਰੁਕਵਾਉਣ | ਮੈਂ ਯਕੀਨੀ ਬਣਾਵਾਂਗਾ ਕਿ ਸਾਧੂ-ਸੰਤ ਰਾਮਦੇਵ ਦੇ ਹਮਾਇਤੀਆਂ ਵੱਲੋਂ ਬਣਾਏ ਜਾਂਦੇ ਨਕਲੀ ਦੁੱਧ ਉਤਪਾਦਾਂ ਖਿਲਾਫ ਮੇਰੀ ਮੁਹਿੰਮ ਨੂੰ ਆਸ਼ੀਰਵਾਦ ਦੇਣ | ਉਨ੍ਹਾ ਕਿਹਾ ਕਿ ਬਾਬਾ ਰਾਮਦੇਵ ਨੇ ਨਕਲੀ ਘਿਓ ਨੂੰ ਲੈ ਕੇ ਉਨ੍ਹਾ ਨੂੰ ਨੋਟਿਸ ਭੇਜ ਕੇ ਮੁਆਫੀ ਮੰਗਣ ਲਈ ਕਿਹਾ ਹੈ ਪਰ ਉਹ ਕਦੇ ਮੁਆਫੀ ਨਹੀਂ ਮੰਗਣਗੇ | ਜੇ ਕੋਰਟ ਉਨ੍ਹਾ ਨੂੰ ਜੇਲ੍ਹ ਭੇਜਦੀ ਹੈ ਤਾਂ ਉਹ ਜੇਲ੍ਹ ਚਲੇ ਜਾਣਗੇ, ਪਰ ਜ਼ਮਾਨਤ ਨਹੀਂ ਕਰਾਉਣਗੇ |