ਫਾਜ਼ਿਲਕਾ (ਪਰਮਜੀਤ ਢਾਬਾਂ)
ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਚੌਕੀ ਸਵਾਰ ਵਾਲੀ ਦੇ ਨੇੜੇ ਸਥਿਤ ਸਰਹੱਦੀ ਪਿੰਡ ਚੂਹੜੀਵਾਲਾ ਚਿਸ਼ਤੀ ਦੇ ਖੇਤਾਂ ‘ਚ ਬੀ ਐੱਸ ਐੱਫ ਦੇ ਜਵਾਨਾਂ ਨੇ ਸਰਚ ਅਭਿਆਨ ਦੌਰਾਨ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਬੀ ਐੱਸ ਐੱਫ ਦੇ ਜਵਾਨਾਂ ਨੇ ਡਰੋਨ ਦੀ ਹਲਚਲ ਵੇਖਦੇ ਹੀ ਲਗਾਤਾਰ ਉਸ ਦਾ ਪਿੱਛਾ ਕੀਤਾ ਅਤੇ ਫਾਇਰਿੰਗ ਵੀ ਕੀਤੀ, ਜਿਸ ਕਾਰਨ ਡਰੋਨ ਵਾਪਸ ਪਰਤ ਗਿਆ |
ਡੀ ਆਈ ਜੀ ਸ੍ਰੀ ਵੀ ਕੇ ਬਾੜੋਲਾ ਨੇ ਦੱਸਿਆ ਕਿ ਜਵਾਨਾਂ ਨੇ ਬੀਤੀ ਰਾਤ ਲਗਭਗ 12 ਵੱਜ ਕੇ 5 ਮਿੰਟ ‘ਤੇ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਜਵਾਨ ਅਲਰਟ ਹੋ ਗਏ ਅਤੇ ਡਰੋਨ ਦਾ ਪਿੱਛਾ ਕੀਤਾ | ਇਸ ਦੌਰਾਨ ਜਵਾਨਾਂ ਨੇ ਫਾਇਰਿੰਗ ਵੀ ਕੀਤੀ, ਪਰ ਡਰੋਨ ਵਾਪਸ ਪਰਤਣ ‘ਚ ਸਫ਼ਲ ਹੋ ਗਿਆ | ਸਰਚ ਅਭਿਆਨ ਦੌਰਾਨ ਜਵਾਨਾਂ ਨੂੰ 10 ਪੈਕੇਟ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ ਅਤੇ 50 ਜ਼ਿੰਦਾ ਰੌਂਦ ਬਰਾਮਦ ਹੋਏ | ਪੰਜਾਬ ਪੁਲਸ ਨਾਲ ਫਿਰ ਤੋਂ ਸਰਚ ਅਭਿਆਨ ਚਲਾਇਆ ਗਿਆ, ਜਿਸ ਤੋਂ ਬਾਅਦ ਉੱਥੋਂ 20 ਹੋਰ ਪੈਕੇਟ ਬਰਾਮਦ ਹੋਏ ਤੇ ਕੁਲ 26 ਕਿਲੋ 850 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ | ਫਾਜ਼ਿਲਕਾ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਹਾਲੇ ਪੁਲਸ ਦੀ ਜਾਂਚ ਅਤੇ ਸਰਚ ਅਭਿਆਨ ਜਾਰੀ ਹੈ ਅਤੇ ਜਲਦ ਹੀ ਖੇਪ ਲੈਣ ਆਏ ਸ਼ੱਕੀਆਂ ਦਾ ਵੀ ਪਤਾ ਲਗਾਇਆ ਜਾਵੇਗਾ | ਹੈਰੋਇਨ ਦਾ ਅੰਤਰਰਾਸ਼ਟਰੀ ਬਾਜ਼ਾਰ ਵਿਚ ਮੁੱਲ 134 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ |





