ਬੈਡਮਿੰਟਨ ਸਟਾਰ ਲਕਸ਼ੈ ਸੇਨ ‘ਤੇ ਐੈੱਫ ਆਈ ਆਰ

0
342

ਨਵੀਂ ਦਿੱਲੀ : ਭਾਰਤ ਦੇ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖਿਲਾਫ ਉਮਰ ਦੀ ਧੋਖਾਧੜੀ ਅਤੇ ਜਾਲ੍ਹਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ ਬੰਗਲੌਰ ‘ਚ ਦਰਜ ਕਰਵਾਈ ਗਈ ਐੱਫ ਆਈ ਆਰ ‘ਚ ਦੋਸ ਲਗਾਇਆ ਗਿਆ ਹੈ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ ਉਸ ਦੇ ਭਰਾ ਚਿਰਾਗ ਸੇਨ ਨੇ 2010 ਤੋਂ ਉਮਰ-ਸਮੂਹ ਟੂਰਨਾਮੈਂਟ ਖੇਡਣ ਲਈ ਆਪਣੀ ਉਮਰ ਵਿੱਚ ਹੇਰਾਫੇਰੀ ਕੀਤੀ ਸੀ | ਐੱਫ ਆਈ ਆਰ ‘ਚ ਲਕਸ਼ੈ ਦੇ ਪਿਤਾ ਧੀਰੇਂਦਰ (ਭਾਰਤੀ ਸਪੋਰਟਸ ਅਥਾਰਟੀ ‘ਚ ਕੋਚ), ਮਾਂ ਨਿਰਮਲਾ ਅਤੇ ਵਿਮਲ ਦਾ ਨਾਂਅ ਵੀ ਹੈ | ਵਿਮਲ 10 ਸਾਲ ਤੋਂ ਵੱਧ ਸਮੇਂ ਤੋਂ ਲਕਸ਼ੈ ਅਤੇ ਚਿਰਾਗ ਨੂੰ ਕੋਚਿੰਗ ਦੇ ਰਿਹਾ ਹੈ | ਸੇਨ ਭਰਾ, ਜੋ ਉੱਤਰਾਖੰਡ ਦੇ ਰਹਿਣ ਵਾਲੇ ਹਨ, ਵਿਮਲ ਨਾਲ ਬੰਗਲੌਰ ਵਿੱਚ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ ‘ਚ ਸਿਖਲਾਈ ਲੈਂਦੇ ਹਨ, ਜਦੋਂ ਕਿ ਸ਼ਿਕਾਇਤਕਰਤਾ ਉਸੇ ਮਹਾਂਨਗਰ ‘ਚ ਇੱਕ ਹੋਰ ਅਕੈਡਮੀ ਚਲਾਉਂਦਾ ਹੈ | ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਮਲ ਨੇ 2010 ‘ਚ ਜਨਮ ਸਰਟੀਫਿਕੇਟ ਜਾਲ੍ਹੀ ਬਣਾਉਣ ਲਈ ਲਕਸ਼ੈ ਦੇ ਮਾਪਿਆਂ ਨਾਲ ਕਥਿਤ ਗੰਢਤੁੱਪ ਕੀਤੀ | ਜੇਕਰ ਉਸ ‘ਤੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਹਾਲ ਹੀ ‘ਚ ਅਰਜੁਨ ਐਵਾਰਡ ਨਾਲ ਸਨਮਾਨਤ ਇਸ ਖਿਡਾਰੀ ਨੂੰ ਆਪਣੇ ਕਈ ਰਿਕਾਰਡ ਤਿਆਗਣੇ ਪੈ ਸਕਦੇ ਹਨ |
ਇਸ ਦੌਰਾਨ ਕੋਚ ਵਿਮਲ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ | ਕੋਚ ਵਿਮਲ ਨੇ ਕਿਹਾ ਪਿਛਲੇ 2 ਸਾਲਾਂ ‘ਚ ਦੇਸ਼ ਲਈ ਹਰ ਵੱਡੇ ਟੂਰਨਾਮੈਂਟ ‘ਚ ਤਮਗਾ ਜਿੱਤਿਆ ਹੈ | ਵਿਸ਼ਵ ਬੈਡਮਿੰਟਨ ਮਹਾਂਸੰਘ ਅਨੁਸਾਰ 16 ਅਗਸਤ 2001 ਨੂੰ ਜਨਮੇ ਲਕਸ਼ੈ ਦੀ ਉਮਰ ਹਾਲੇ 21 ਸਾਲ ਹੈ | ਉਥੇ ਹੀ ਸਟਾਰ ਸ਼ਟਲਰ ਦੇ ਕੋਚ ਵਿਮਲ ਕੁਮਾਰ ਨੇ ਦੋਸ਼ਾਂ ਨੂੰ ਖਾਰਜ ਕੀਤਾ ਹੈ | ਉਨ੍ਹਾ ਦਾ ਕਹਿਣਾ ਹੈ ਕਿ ਮੈਂ ਨਹੀਂ ਜਾਣਦਾ ਕਿ ਸ਼ਿਕਾਇਤ ਕਰਨ ਵਾਲੇ ਨੇ ਕੀ ਦੋਸ਼ ਲਾਏ? ਮੇਰੀ ਇਸ ‘ਚ ਕੋਈ ਭੂਮਿਕਾ ਨਹੀਂ | ਲਕਸ਼ੈ 2010 ‘ਚ ਮੇਰੀ ਅਕੈਡਮੀ ਆਇਆ ਤੇ ਮੈਂ ਉਸ ਨੂੰ ਬਾਕੀ ਬੱਚਿਆਂ ਦੀ ਤਰ੍ਹਾਂ ਟ੍ਰੇਨਿੰਗ ਦਿੱਤੀ | ਕੋਈ ਕੀ ਕਹਿੰਦਾ ਹੈ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ |

LEAVE A REPLY

Please enter your comment!
Please enter your name here