ਕਾਨਪੁਰ : ਕਾਨਪੁਰ ਦੇ ਕਲਿਆਣਪੁਰ ਥਾਣੇ ਦੇ ਦੀਵਾਨ ਦੀ ਦਬੰਗਈ ਨੇ ਇੱਕ ਸਬਜ਼ੀ ਵਾਲੇ ਦੀ ਪੂਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ | ਅਸਲ ‘ਚ ਥਾਣੇ ਦੇ ਸਾਹਮਣੇ ਰੋਡ ਕਿਨਾਰੇ ਟਮਾਟਰ ਵੇਚਣ ਵਾਲੇ ਦਾ ਤਰਾਜੂ ਪੁਲਸ ਮੁਲਾਜ਼ਮ ਨੇ ਚੁੱਕ ਕੇ ਰੇਲ ਪਟੜੀ ‘ਤੇ ਸੁੱਟ ਦਿੱਤਾ | ਜਦ ਸਬਜ਼ੀ ਵਾਲਾ ਚੁੱਕਣ ਗਿਆ ਤਾਂ ਰੇਲ ਆ ਗਈ, ਜਿਸ ਕਾਰਨ ਉਸ ਦੇ ਦੋਵੇਂ ਪੈਰ ਕੱਟੇ ਗਏ | ਇਸ ਮਾਮਲੇ ‘ਚ ਦੀਵਾਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ | ਮੌਕੇ ‘ਤੇ ਦੇਖਣ ਵਾਲਿਆਂ ਅਨੁਸਾਰ ਕਲਿਆਣਪੁਰ ਥਾਣੇ ਦੇ ਸਾਹਮਣੇ ਰੋਡ ਕਿਨਾਰੇ ਸਬਜ਼ੀ ਵਾਲੇ ਦੀ ਦੁਕਾਨ ਲੱਗਦੀ ਹੈ | ਇੱਥੇ ਦੁਕਾਨਾਂ ਲਾਉਣਾ ਨਿਯਮਾਂ ਵਿਰੁੱਧ ਹੈ, ਪਰ ਕੁਝ ਗਰੀਬ ਪਰਵਾਰ ਦਹਾਕਿਆਂ ਤੋਂ ਇੱਥੇ ਦੁਕਾਨਾਂ ਲਾ ਕੇ ਆਪਣਾ ਪੇਟ ਭਰਦੇ ਹਨ | ਇਨ੍ਹਾਂ ‘ਚ ਸ਼ਾਮਲ ਲੱਡੂ ਵੀ ਇੱਥੇ ਟਮਾਟਰ ਦੀ ਦੁਕਾਨ ਲਾਉਂਦਾ ਸੀ | ਦੁਕਾਨਦਾਰਾਂ ਦਾ ਦੋਸ਼ ਹੈ ਕਿ ਦੀਵਾਨ ਰਾਕੇਸ਼ ਕਲਿਆਣਪੁਰ ਥਾਣੇ ਦੇ ਦਰੋਗਾ ਸ਼ਾਦਾਬ ਨਾਲ ਮੌਕੇ ‘ਤੇ ਆਏ ਅਤੇ ਉਨ੍ਹਾ ਪਹਿਲਾ ਲੱਡੂ ਨੂੰ ਬਹੁਤ ਕੁੱਟਿਆ, ਫਿਰ ਅਚਾਨਕ ਤਰਾਜੂ ਚੁੱਕ ਕੇ ਪਿੱਛੇ ਰੇਲਵੇ ਲਾਇਨ ‘ਤੇ ਸੁੱਟ ਦਿੱਤਾ | ਇਸ ਦੌਰਾਨ ਸਬਜ਼ੀ ਵਾਲਾ ਪੁਲਸ ਦੀਵਾਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਰਿਹਾ, ‘ਤਰਾਜੂ ਨਾ ਸੁੱਟੋ, ਮੈਂ ਦੁਕਾਨ ਹਟਾ ਲੈਂਦਾਂ’, ਪਰ ਦੀਵਾਨ ਨੇ ਉਸ ਦੀ ਇੱਕ ਨਾ ਸੁਣੀ ਤਰਾਜੂ ਸਮੇਤ ਕੁਝ ਸਮਾਨ ਚੁੱਕ ਕੇ ਰੇਲਵੇ ਪਟੜੀ ‘ਤੇ ਸੁੱਟ ਦਿੱਤਾ | ਲੱਡੂ ਜਲਦੀ ਨਾਲ ਆਪਣਾ ਤਰਾਜੂ ਲੈਣ ਰੇਲਵੇ ਪਟੜੀ ‘ਤੇ ਪਹੁੰਚਿਆ, ਉਸ ਸਮੇਂ ਰੇਲ ਗੱਡੀ ਆ ਗਈ ਅਤੇ ਉਸ ਦੇ ਦੋਵੇਂ ਪੈਰ ਕੱਟਦੀ ਚਲੀ ਗਈ |




