ਤਰਨ ਤਾਰਨ : ਤਰਨ ਤਾਰਨ ‘ਚ ਸਕੂਲ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਇਹ ਹਾਦਸਾ ਸਵੇਰੇ ਧੁੰਦ ਕਾਰਨ ਵਾਪਰਿਆ | ਟੱਕਰ ਏਨੀ ਜ਼ਬਰਦਸਤ ਸੀ ਕਿ ਸਕੂਲ ਬੱਸ ਪਲਟ ਗਈ, ਜਿਸ ‘ਚ ਇੱਕ 8 ਸਾਲਾ ਬੱਚੀ ਅਤੇ ਬੱਸ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਬੱਚਿਆਂ ਦਾ ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ | ਘਟਨਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸ਼ੇਖ ਚੱਕ ਦੀ ਹੈ | ਸਕੂਲ ਬੱਸ ਐੱਸ ਬੀ ਐੱਸ ਸਕੂਲ ਅਤੇ ਕਾਲਜ ਦੀ ਦੱਸੀ ਜਾਂਦੀ ਹੈ | ਬੱਸ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲਿਜਾਣ ਲਈ ਰਵਾਨਾ ਹੋਈ ਸੀ | ਹਾਦਸੇ ਵੇਲੇ ਬੱਸ ‘ਚ 12 ਬੱਚੇ ਮੌਜੂਦ ਸਨ | ਬੱਸ ਪਿੰਡ ਸ਼ੇਖ ਚੱਕ ਦੀ ਲਿੰਕ ਸੜਕ ‘ਤੇ ਸੀ ਕਿ ਇਸ ਦੌਰਾਨ ਇੱਕ ਤੇਜ਼ ਰਫਤਾਰ ਟਰੱਕ ਆਇਆ ਅਤੇ ਦੋਵਾਂ ਦੀ ਟੱਕਰ ਹੋ ਗਈ | ਹਾਦਸੇ ਤੋਂ ਬਾਅਦ ਬੱਚੇ ਰੋਣ ਲੱਗੇ | ਆਵਾਜ਼ ਸੁਣ ਕੇ ਲੋਕ ਮੌਕੇ ‘ਤੇ ਪੁੱਜੇ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ | ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ | ਪੁਲਸ ਨੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਬੱਚੀ ਅਤੇ ਡਰਾਈਵਰ ਦੀਆਂ ਲਾਸ਼ਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ |





