36.9 C
Jalandhar
Friday, March 29, 2024
spot_img

ਗੈਂਗਸਟਰ ਠੇਹਟ ਦੀ ਗੋਲੀ ਮਾਰ ਕੇ ਹੱਤਿਆ

ਜੈਪੁਰ : ਰਾਜਸਥਾਨ ਦਾ ਸੀਕਰ ਜ਼ਿਲ੍ਹਾ ਸ਼ਨੀਵਾਰ ਸਵੇਰੇ ਗੋਲੀਆਂ ਦੀ ਤੜ-ਤੜ ਨਾਲ ਗੂੰਜ ਉਠਿਆ | ਉਦਯੋਗ ਨਗਰ ਇਲਾਕੇ ‘ਚ ਲੋਕ ਰੋਜ਼ਾਨਾ ਦੇ ਕੰਮ ਕਰ ਰਹੇ ਸਨ ਕਿ ਉਸੇ ਸਮੇਂ ਗੈਂਗਸਟਰ ਰਾਜੂ ਠੇਹਟ ਦੇ ਘਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਕਰਿੰਦਿਆਂ ਨੇ ਦਸਤਕ ਦਿੱਤੀ | ਬਦਮਾਸ਼ਾਂ ਨੇ ਰਾਜੂ ਠੇਹਟ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ‘ਚ ਉਸ ਦੀ ਥਾਏਾ ਹੀ ਮੌਤ ਹੋ ਗਈ | ਇਹ ਦੇਖ ਕੇ ਚਾਰੇ ਪਾਸੇ ਅਫਰਾਤਫ਼ਰੀ ਮਚ ਗਈ, ਆਸਪਾਸ ਦੇ ਲੋਕ ਜਾਨ ਬਚਾਉਣ ਲਈ ਭੱਜਣ ਲੱਗੇ |
ਜਾਣਕਾਰੀ ਅਨੁਸਾਰ ਕੋਚਿੰਗ ਡਰੈੱਸ ‘ਚ ਪਹੁੰਚੇ ਬਦਮਾਸ਼ਾਂ ਨੇ ਠੇਹਟ ਨੂੰ ਦਰਵਾਜ਼ੇ ਦੀ ਘੰਟੀ ਵਜਾ ਕੇ ਬਾਹਰ ਬੁਲਾਇਆ ਅਤੇ ਫਾਇਰਿੰਗ ਕਰ ਦਿੱਤੀ | ਰਾਜਸਥਾਨ ਪੁਲਸ ਦੇ ਡੀ ਜੀ ਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਸ ਗੋਲੀਬਾਰੀ ਦਾ ਇੱਕ ਬਦਮਾਸ਼ ਨੇ ਵੀਡੀਓ ਵੀ ਬਣਾਇਆ | ਹੱਤਿਆ ਕਰਕੇ ਬਦਮਾਸ਼ ਅਲਟੋ ‘ਚ ਭੱਜ ਗਏ | ਪੰਜ ਲੱਖ ਰੁਪਏ ਦੇ ਇਨਾਮੀ ਗੈਂਗਸਟਰ ਆਨੰਦਪਾਲ ਸਿੰਘ ਤੋਂ ਬਾਅਦ ਰਾਜਸਥਾਨ ‘ਚ ਰਾਜੂ ਠੇਹਟ ਹੀ ਰਾਜਸਥਾਨ ਦਾ ਸਭ ਤੋਂ ਵੱਡਾ ਗੈਂਗਸਟਰ ਸੀ | ਰਾਜੂ ਠੇਹਟ ਅਤੇ ਮੁਕਾਬਲੇ ‘ਚ ਮਾਰੇ ਜਾ ਚੁੱਕੇ ਆਨੰਦਪਾਲ ਵਿਚਾਲੇ ਰੰਜਿਸ਼ ਚਲਦੀ ਸੀ | ਰਾਜੂ ਠੇਹਟ ਨੇ ਇੱਕ ਵਾਰ ਆਨੰਦਪਾਲ ‘ਤੇ ਜੇਲ੍ਹ ‘ਚ ਹਮਲਾ ਵੀ ਕਰਵਾਇਆ ਸੀ, ਜਿਸ ‘ਚ ਆਨੰਦਪਾਲ ਤਾਂ ਬਚ ਗਿਆ, ਪਰ ਇੱਕ ਵਿਅਕਤੀ ਦੀ ਮੌਤ ਹੋ ਗਈ | ਆਨੰਦਪਾਲ ਦੇ ਮਾਰੇ ਜਾਣ ਤੋਂ ਬਾਅਦ ਉਸ ਦੀ ਗਰਲ ਫਰੈਂਡ ਲੇਡੀ ਡਾਨ ਅਨੁਰਾਧਾ ਹੁਣ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇਡੀ ਨਾਲ ਹੱਥ ਮਿਲਾ ਚੁੱਕੀ ਹੈ | ਮੰਨਿਆ ਜਾ ਰਿਹਾ ਹੈ ਕਿ ਲਾਰੈਂਸ ਅਤੇ ਕਾਲਾ ਜਠੇਡੀ ਗੈਂਗ ਨਾਲ ਮਿਲ ਕੇ ਰਾਜੂ ਠੇਹਟ ਦੀ ਹੱਤਿਆ ਕਰਵਾਈ, ਪਰ ਅਸਲੀ ਖੇਡ ਲੇਡੀ ਡਾਨ ਅਨੁਰਾਧਾ ਦੀ ਹੀ ਹੈ | ਅਨੁਰਾਧਾ ਨੂੰ ਹਾਲ ਹੀ ‘ਚ ਐੱਨ ਆਈ ਏ ਨੇ ਗਿ੍ਫ਼ਤਾਰ ਕੀਤਾ ਸੀ | ਐੱਨ ਆਈ ਏ ਨੇ ਅਨੁਰਾਧਾ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਵੀ ਕੀਤੀ ਸੀ | ਦਿੱਲੀ ਪੁਲਸ ਸਪੈਸ਼ਲ ਸੈੱਲ ਦੇ ਸੂਤਰਾਂ ਮੁਤਾਬਕ ਰਾਜੂ ਠੇਹਟ ਨੂੰ ਕਰੀਬ 10 ਸਾਲਾਂ ਤੋਂ ਮਾਰਨ ਦਾ ਪਲਾਨ ਬਣਾਇਆ ਜਾ ਰਿਹਾ ਸੀ | ਇਸ ਪਲਾਨ ‘ਚ ਲਾਰੈਂਸ, ਆਨੰਦਪਾਲ ਗੈਂਗ ਅਤੇ ਕਾਲਾ ਜਠੇਡੀ ਗੈਂਗ ਨਾਲ ਜੁੜੇ ਸ਼ੂਟਰ ਸਨ |
ਰਾਜੂ ਠੇਹਟ ਅਤੇ ਉਸ ਦੇ ਗੈਂਗ ‘ਤੇ ਸੀਕਰ ਸਮੇਤ ਕਈ ਜ਼ਿਲਿ੍ਹਆਂ ‘ਚ ਦਰਜਨਾਂ ਕੇਸ ਦਰਜ ਹਨ | ਠੇਹਟ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ | ਰਾਜੂ ਦੀ ਹੱਤਿਆ ਤੋਂ ਬਾਅਦ ਪੂਰੇ ਸੀਕਰ ਜ਼ਿਲ੍ਹੇ ‘ਚ ਦਹਿਸ਼ਤ ਹੈ | ਮਿਸ਼ਰਾ ਨੇ ਦੱਸਿਆ ਬਦਮਾਸ਼ਾਂ ਦੇ ਪਿੱਛੇ ਰਾਜਸਥਾਨ ਪੁਲਸ ਹੈ, ਪੂਰੇ ਸੂਬੇ ‘ਚ ਸਖ਼ਤ ਸੁਰੱਖਿਆ ਦੇ ਆਦੇਸ਼ ਦਿੱਤੇ ਗਏ ਹਨ | ਸਾਰੇ ਐੱਸ ਐੱਚ ਓਜ਼ ਨੂੰ ਫੀਲਡ ‘ਚ ਰਹਿਣ ਦੇ ਆਦੇਸ਼ ਦਿੱਤੇ ਹਨ | ਸ਼ਹਿਰ ਦੇ ਪਿਪਰਾਲੀ ਰੋਡ ‘ਤੇ ਠੇਹਟ ਦਾ ਘਰ ਹੈ, ਜਿੱਥੇ ਗੋਲੀਬਾਰੀ ‘ਚ ਨਾਗੌਰ ਦੇ ਇੱਕ ਵਿਅਕਤੀ ਨੂੰ ਵੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ | ਮਰਨ ਵਾਲਾ ਗੋਲੀਬਾਰੀ ਦੀ ਵੀਡੀਓ ਬਣਾ ਰਿਹਾ ਸੀ, ਇਸ ਲਈ ਬਦਮਾਸ਼ਾਂ ਨੇ ਉਸ ‘ਤੇ ਵੀ ਫਾਇਰਿੰਗ ਕਰ ਦਿੱਤੀ |
ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਂਦਾਰਾ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ | ਸੋਸ਼ਲ ਮੀਡੀਆ ‘ਤੇ ਵਾਇਰਲ ਟਵੀਟ ਅਨੁਸਾਰ ਰੋਹਿਤ ਗੋਂਦਾਰਾ ਨੇ ਟਵਿਟ ਕਰਕੇ ਕਿਹਾ—ਆਨੰਦਪਾਲ ਅਤੇ ਬਲਬੀਰ ਦੀ ਹੱਤਿਆ ਦਾ ਬਦਲਾ ਲੈ ਲਿਆ ਗਿਆ ਹੈ | ਇਸ ਹੱਤਿਆ ਦੀ ਪੂਰੀ ਜ਼ਿੰਮੇਵਾਰੀ ਰੋਹਿਤ ਗੋਂਦਾਰਾ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਲੈਂਦਾ ਹੈ |
ਐੱਸ ਪੀ ਕੁੰਵਰ ਰਾਸ਼ਟਰਦੀਪ ਨੇ ਕਿਹਾ ਕਿ ਰਾਜੂ ਠੇਹਟ ਦੀ ਹੱਤਿਆ ਦੌਰਾਨ ਸੀ ਸੀ ਟੀ ਵੀ ਕੈਮਰਿਆਂ ਦੇ ਅਧਾਰ ‘ਤੇ ਹੱਤਿਆ ਕਾਂਡ ‘ਚ ਚਾਰ ਨੌਜਵਾਨ ਸ਼ਾਮਲ ਹੋਣ ਦੀ ਗੱਲ ਸਾਹਮਣ ਆਈ ਹੈ | ਸੀ ਸੀ ਟੀ ਵੀ ‘ਚ ਦਿਖਾਈ ਦੇ ਰਿਹਾ ਕਿ ਇੱਕ ਨੌਜਵਾਨ ਰਾਜੂ ਨਾਲ ਗੱਲਬਾਤ ਕਰ ਰਿਹਾ ਹੈ | ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਹਨ | ਤੇਜਾ ਸੈਨਾ ਸਮੇਤ ਵੱਖ-ਵੱਖ ਸੰਗਠਨਾਂ ਨੇ ਐੱਸ ਕੇ ਹਸਪਤਾਲ ਦੀ ਮੋਰਚਰੀ ਤੋਂ ਠੇਹਟ ਦਾ ਮਿ੍ਤਕ ਸਰੀਰ ਲੈਣ ਤੋਂ ਇਨਕਾਰ ਕਰਦੇ ਹੋਏ ਸੀਕਰ ਬੰਦ ਦਾ ਐਲਾਨ ਕਰ ਦਿੱਤਾ | ਵਰਕਰਾਂ ਨੇ ਸ਼ਹਿਰ ‘ਚ ਘੁੰਮ ਕੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ | ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਠੇਹਠ ਦੇ ਹਤਿਆਰਿਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਮੰਗ ਪੂਰੀ ਨਾ ਹੋਣ ਤੱਕ ਸੀਕਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਹੈ | ਵਰਕਰਾਂ ਨੇ ਜਦੋਂ ਸ਼ਹਿਰ ‘ਚ ਘੁੰਮ ਕੇ ਬੰਦ ਕਰਵਾਉਣਾ ਸ਼ੁਰੂ ਕੀਤਾ ਤਾਂ ਵਪਾਰੀਆਂ ਨੇ ਖੁਦ ਹੀ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ | ਹੱਤਿਆ ਕਾਂਡ ਤੋਂ ਬਾਅਦ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles