ਇੱਕ ਅਮਰੀਕੀ ਖੋਜੀ ਸੰਸਥਾ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਭਾਰਤ ਨੂੰ ਉਨ੍ਹਾਂ ਦੇਸ਼ਾਂ ਵਿੱਚ ਅੱਠਵੇਂ ਸਥਾਨ ‘ਤੇ ਰੱਖਿਆ ਹੈ, ਜਿਨ੍ਹਾਂ ਵਿੱਚ ਚਾਲੂ ਸਾਲ ਤੇ ਅਗਲੇ ਸਾਲ ਸਮੂਹਿਕ ਹੱਤਿਆਵਾਂ ਹੋਣ ਦਾ ਖ਼ਤਰਾ ਹੈ | ਸਮੂਹਿਕ ਹੱਤਿਆਵਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਇੱਕ ਵਿਸ਼ੇਸ਼ ਵਰਗ ਦਾ ਵਿਅਕਤੀ ਹੋਣ ਕਾਰਨ ਸਰਕਾਰੀ ਜਾਂ ਗੈਰ-ਸਰਕਾਰੀ ਹਥਿਆਰਬੰਦ ਲੋਕਾਂ ਵੱਲੋਂ ਉਸ ਨੂੰ ਜਾਣਬੁੱਝ ਕੇ ਮਾਰ ਦਿੱਤਾ ਜਾਂਦਾ ਹੈ |
ਅਰਲੀ ਵਾਰਨਿੰਗ ਪ੍ਰੋਜੈਕਟ ਨਾਂਅ ਦੀ ਸੰਸਥਾ ਨੇ ਨਵੰਬਰ ਵਿੱਚ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 2022-2023 ਵਿੱਚ ਭਾਰਤ ਵਿੱਚ ਨਵੇਂ ਸਿਰੇ ਤੋਂ ਸਮੂਹਿਕ ਹੱਤਿਆਵਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ | ਇਸ ਰਿਪੋਰਟ ਵਿੱਚ ਸਾਰੇ 162 ਦੇਸ਼ਾਂ ਵਿੱਚੋਂ ਪਾਕਿਸਤਾਨ ਪਹਿਲੇ, ਯਮਨ ਦੂਜੇ, ਮਿਆਂਮਾਰ ਤੀਜੇ, ਛਾਡ ਚੌਥੇ, ਇਥੋਪੀਆ ਪੰਜਵੇਂ, ਨਾਈਜੇਰੀਆ ਛੇਵੇਂ ਤੇ ਅਫ਼ਗਾਨਿਸਤਾਨ ਨੂੰ ਸੱਤਵੇਂ ਸਥਾਨ ਉੱਤੇ ਰੱਖਿਆ ਗਿਆ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਭਾਰਤ ਦੀ ਸਥਿਤੀ ਸੁਡਾਨ, ਸੋਮਾਲੀਆ, ਸੀਰੀਆ, ਇਰਾਕ ਤੇ ਜ਼ਿੰਬਾਬਵੇ ਤੋਂ ਵੀ ਬਦਤਰ ਅੰਕੀ ਗਈ ਹੈ |
ਰਿਪੋਰਟ ਵਿੱਚ ਅਜਿਹੀਆਂ ਕਈ ਉਦਾਹਰਨਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਕੇਂਦਰ ਤੇ ਰਾਜਾਂ ਦੀਆਂ ਭਾਜਪਾ ਸਰਕਾਰਾਂ ਦੇਸ਼ ਦੇ ਘੱਟਗਿਣਤੀ ਮੁਸਲਮਾਨਾਂ ਨਾਲ ਭੇਦਭਾਵ ਕਰਦੀਆਂ ਹਨ | ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਆਗੂਆਂ ਨੇ ਨਫ਼ਰਤੀ ਭਾਸ਼ਣ ਦੇਣਾ ਜਾਰੀ ਰੱਖਿਆ ਹੋਇਆ ਹੈ, ਜਿਸ ਵਿੱਚ ਧਾਰਮਿਕ ਆਗੂਆਂ ਵੱਲੋਂ ਮੁਸਲਮਾਨਾਂ ਦੀਆਂ ਸਮੂਹਿਕ ਹੱਤਿਆਵਾਂ ਦੇ ਸੱਦੇ ਦਿੱਤੇ ਗਏ ਸਨ | ਹਾਲ ਹੀ ਵਿੱਚ ਕਈ ਰਾਜਾਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਵੱਡੇ ਪੱਧਰ ‘ਤੇ ਹੋਈਆਂ ਹਨ | ਇਨ੍ਹਾਂ ਘਟਨਾਵਾਂ ਵਿੱਚ ਹਿੰਦੂ ਰਾਸ਼ਟਰਵਾਦੀ ਜਲੂਸਾਂ ਵਿੱਚ ਮੁਸਲਮਾਨਾਂ ਵਿਰੋਧੀ ਨਾਅਰੇ ਲਾਏ ਗਏ ਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਇਨ੍ਹਾਂ ਹਿੰਸਕ ਜਲੂਸਾਂ ਦੇ ਜਵਾਬ ਵਿੱਚ ਸਥਾਨਕ ਅਧਿਕਾਰੀਆਂ ਨੇ ਉਲਟਾ ਕਈ ਰਾਜਾਂ ਵਿੱਚ ਮੁਸਲਮਾਨਾਂ ਦੀਆਂ ਜਾਇਦਾਦਾਂ ਤੇ ਘਰਾਂ ਨੂੰ ਬੁਲਡੋਜ਼ਰ ਚਲਾ ਕੇ ਮਲੀਆਮੇਟ ਕਰ ਦਿੱਤਾ ਸੀ |
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸਾਈਆਂ ਤੇ ਦਲਿਤਾਂ ਸਮੇਤ ਦੂਜੀਆਂ ਘੱਟਗਿਣਤੀਆਂ ਨੂੰ ਲਗਾਤਾਰ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਕਤੂਬਰ 2021 ਵਿੱਚ ਜਾਰੀ ਇੱਕ ਤੱਥ ਖੋਜੀ ਰਿਪੋਰਟ ਮੁਤਾਬਕ ਉਸ ਸਾਲ ਪਹਿਲੇ 9 ਮਹੀਨਿਆਂ ਦੌਰਾਨ ਇਸਾਈਆਂ ਵਿਰੁੱਧ ਹਿੰਸਾ ਦੇ 300 ਕੇਸ ਦਰਜ ਹੋਏ ਸਨ | ਰਿਪੋਰਟ ਵਿੱਚ ਜੰਮੂ-ਕਸ਼ਮੀਰ ਅੰਦਰ ਲਗਾਤਾਰ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੱਤਵਾਦੀਆਂ ਵੱਲੋਂ ਹਿੰਦੂ ਨਾਗਰਿਕਾਂ ਦੀਆਂ ਹੱਤਿਆਵਾਂ ਵਿੱਚ ਵਾਧਾ ਅਤੇ ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਵਿਰੁੱਧ ਭਾਰਤ ਸਰਕਾਰ ਦੀਆਂ ਕਾਰਵਾਈਆਂ ਸ਼ਾਮਲ ਹਨ | ਇਹ ਰਿਪੋਰਟ ਉਸ ਸਮੇਂ ਆਈ ਹੈ, ਜਦੋਂ ਗੁਜਰਾਤ ਚੋਣਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਭਾਸ਼ਣ ਵਿੱਚ ਇਹ ਕਹਿ ਰਿਹਾ ਹੁੰਦਾ ਹੈ ਕਿ ਉਨ੍ਹਾਂ 2002 ਵਿੱਚ ਗੁੰਡਿਆਂ ਨੂੰ ਅਜਿਹਾ ਸਬਕ ਸਿਖਾਇਆ ਸੀ, ਜਿਸ ਨਾਲ ਗੁਜਰਾਤ ਵਿੱਚ ਸ਼ਾਂਤੀ ਹੋ ਸਕੀ | ਵਰਨਣਯੋਗ ਹੈ ਕਿ ਗੋਧਰਾ ਰੇਲ ਕਾਂਡ ਤੋਂ ਬਾਅਦ 2002 ਵਿੱਚ ਗੁਜਰਾਤ ਅੰਦਰ ਹੋਏ ਦੰਗਿਆਂ ਵਿੱਚ ਦੋ ਹਜ਼ਾਰ ਤੋਂ ਵੱਧ ਮੁਸਲਮਾਨ ਮਾਰ ਦਿੱਤੇ ਗਏ ਸਨ | ਇਸ ਲਈ ਮੌਜੂਦਾ ਸਰਕਾਰ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਸਮੂਹਿਕ ਹੱਤਿਆਵਾਂ ਨੂੰ ਉਤਸ਼ਾਹਤ ਕਰਨ ਦੀ ਆਪਣੀ ਨੀਤੀ ਨੂੰ ਤਿਆਗ ਦੇਵੇਗੀ |