ਲਖੀਮਪੁਰ ਖੀਰੀ : ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਇੱਥੇ ਤਿਕੁਨੀਆ ਇਲਾਕੇ ‘ਚ ਹਿੰਸਾ ਦੇ ਮਾਮਲੇ ਦੇ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਮੁਸ਼ਕਲਾਂ ਵਧ ਗਈਆਂ, ਜਦੋਂ ਮੰਗਲਵਾਰ ਅਦਾਲਤ ਨੇ ਉਸ ਸਮੇਤ 13 ਮੁਲਜ਼ਮਾਂ ਖਿਲਾਫ ਕਿਸਾਨਾਂ ਦੀ ਹੱਤਿਆ ਦਾ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ | ਮੁਕੱਦਮਾ 16 ਦਸੰਬਰ ਤੋਂ ਸ਼ੁਰੂ ਹੋਵੇਗਾ |
ਯੂ ਪੀ ਦੇ ਵੇਲੇ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਦੇ ਵਿਰੋਧ ਵਿਚ ਕਿਸਾਨਾਂ ਦੇ ਮੁਜ਼ਾਹਰੇ ਦੌਰਾਨ 3 ਅਕਤੂਬਰ 2021 ਨੂੰ ਹੋਈ ਹਿੰਸਾ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਸੀ | ਪੁਲਸ ਵੱਲੋਂ ਦਰਜ ਐੱਫ ਆਈ ਆਰ ਮੁਤਾਬਕ ਚਾਰ ਕਿਸਾਨਾਂ ਦੀ ਇਕ ਐੱਸ ਯੂ ਵੀ ਹੇਠ ਕੁਚਲੇ ਜਾਣ ਨਾਲ ਮੌਤ ਹੋਈ | ਉਸ ਗੱਡੀ ਵਿਚ ਆਸ਼ੀਸ਼ ਮਿਸ਼ਰਾ ਬੈਠਾ ਹੋਇਆ ਸੀ |
ਇਸ ਦੇ ਬਾਅਦ ਹੋਈ ਹਿੰਸਾ ਵਿਚ ਗੱਡੀ ਦੇ ਡਰਾਈਵਰ ਤੇ ਭਾਜਪਾ ਦੇ ਦੋ ਵਰਕਰਾਂ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ | ਹਿੰਸਾ ਵਿਚ ਇਕ ਪੱਤਰਕਾਰ ਵੀ ਮਾਰਿਆ ਗਿਆ ਸੀ | ਯੂ ਪੀ ਦੀਆਂ ਅਸੰਬਲੀ ਚੋਣਾਂ ਦੇ ਬਾਅਦ ਆਸ਼ੀਸ਼ ਮਿਸ਼ਰਾ ਜ਼ਮਾਨਤ ‘ਤੇ ਬਾਹਰ ਆ ਗਿਆ ਸੀ | ਉਸ ਵਿਰੁੱਧ ਦੂਜੀ ਧਿਰ ਸੁਪਰੀਮ ਕੋਰਟ ਪੁੱਜ ਗਈ | ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰਦਿਆਂ ਕੇਸ ਮੁੜ ਵਿਚਾਰ ਲਈ ਅਲਾਹਾਬਾਦ ਹਾਈ ਕੋਰਟ ਭੇਜ ਦਿੱਤਾ ਸੀ ਤੇ ਹਾਈ ਕੋਰਟ ਨੇ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ |
ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਅਦਾਲਤ ਵੱਲੋਂ ਫਰਦ ਜੁਰਮ ਆਇਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹੈ, ਜਿਸ ਕਰਕੇ ਹੁਣ ਮੁਕੱਦਮਾ ਚਲੇਗਾ |
ਮਿ੍ਤਕਾਂ ਦੇ ਵਕੀਲ ਮੁਹੰਮਦ ਅਮਾਨ ਨੇ ਕਿਹਾ ਕਿ ਫਰਦ ਜੁਰਮ ਆਇਦ ਕਰਨ ਵਿਚ 9 ਮਹੀਨੇ ਲੱਗ ਗਏ | ਉਹ ਵੀ ਸੁਪਰੀਮ ਕੋਰਟ ਦੇ ਦਖਲ ਕਾਰਨ ਸੰਭਵ ਹੋਇਆ | ਉਮੀਦ ਹੈ ਕਿ ਮੁਕੱਦਮਾ ਤੇਜ਼ੀ ਨਾਲ ਚੱਲੇਗਾ ਤੇ ਕਿਸਾਨਾਂ ਨੂੰ ਇਨਸਾਫ ਮਿਲੇਗਾ |