ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਬੁੱਧਵਾਰ ਪੰਜਾਬ ਮਾਰਕਫੈੱਡ ਦੇ ਐੱਮ ਆਰ ਐੱਮ ਕੰਪਲੈਕਸ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਖੇ ਕਣਕ ਦੇ ਸਟਾਕ ‘ਚ ਵੱਡਾ ਗਬਨ ਕਰਨ ਦੇ ਦੋਸ਼ ਹੇਠ ਸੀਨੀਅਰ ਬਰਾਂਚ ਅਧਿਕਾਰੀ ਰਾਜਬੀਰ ਸਿੰਘ ਬੈਂਸ ਨੂੰ ਗਿ੍ਫਤਾਰ ਕਰ ਲਿਆ | ਮਾਮਲੇ ‘ਚ ਰਾਜਬੀਰ ਸਿੰਘ ਬੈਂਸ ਸਮੇਤ ਮਾਰਕਫੈੱਡ ਦੇ ਚਾਰ ਮੁਲਜ਼ਮਾਂ ‘ਤੇ 6,097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦੀ ਹੇਰਾ-ਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਭਾਰੀ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ |
ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਜਬੀਰ ਸਿੰਘ ਬੈਂਸ, ਫਰੀਦ ਖਾਨ ਨਿਗਰਾਨ (ਕਸਟੋਡੀਅਨ), ਐੱਮ ਆਰ ਐੱਮ ਕੰਪਲੈਕਸ ਅਤੇ ਦਲੇਰ ਸਿੰਘ ਸੇਲਜ਼ਮੈਨ ਨੂੰ ਇਸ ਗਬਨ ਲਈ ਜ਼ਿੰਮੇਵਾਰ ਪਾਇਆ ਗਿਆ | ਇਸ ਮਾਮਲੇ ਦੀ ਜਾਂਚ ਦੌਰਾਨ ਅਸ਼ਵਨੀ ਕੁਮਾਰ, ਫੀਲਡ ਅਫਸਰ, ਓਪਨ ਪਲਿੰਥ (ਗੁਦਾਮ), ਪਿੰਡ ਢੀਂਡਸਾ, ਰਾਜਪੁਰਾ ਨੂੰ ਵੀ ਬਾਅਦ ‘ਚ ਨਾਮਜ਼ਦ ਕੀਤਾ ਗਿਆ |
ਮਾਮਲਾ ਐੱਮ ਆਰ ਐੱਮ ਕੰਪਲੈਕਸ ਰਾਜਪੁਰਾ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਾਰਕਫੈੱਡ ਦੇ ਭੰਡਾਰਨ ਗੋਦਾਮਾਂ ਅਤੇ ਢੀਂਡਸਾ ਵਿਖੇ ਖੁੱਲ੍ਹੇ ਪਲਿੰਥ ਦੀ ਅਚਨਚੇਤ ਚੈਕਿੰਗ ਕਰਨ ਉਪਰੰਤ ਦਰਜ ਕੀਤਾ ਗਿਆ | ਚੈਕਿੰਗ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਮਾਰਕਫੈੱਡ ਦੇ ਉਕਤ ਮੁਲਾਜ਼ਮਾਂ ਨੇ ਸਾਲ 2013-2014, 2014-2015 ਅਤੇ 2015-2016 ਦੌਰਾਨ 6097 ਕੁਇੰਟਲ ਵਜ਼ਨੀ ਕਣਕ ਦੀਆਂ 12194 ਬੋਰੀਆਂ ਦਾ ਗਬਨ ਕੀਤਾ |



