ਪਟਿਆਲਾ : ਪੰਜਾਬ ਦੀ ਸ਼੍ਰੋਮਣੀ ਜਥੇਬੰਦੀ ਪੰਜਾਬ ਸਟੇਟ ਕਮੇਟੀ, ਏਟਕ ਦੀ 20ਵੀਂ ਕਾਨਫਰੰਸ ਪਟਿਆਲਾ ਵਿਖੇ ਸੰਪੰਨ ਹੋਈ | ਇਸ ਕਾਨਫਰੰਸ ਵਿੱਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਦੇ 327 ਡੈਲੀਗੇਟ ਚੁਣ ਕੇ ਆਏ ਸਨ, ਜਿਨ੍ਹਾਂ ਨੇ ਕਾਨਫਰੰਸ ਵਿੱਚ ਭਾਗ ਲਿਆ | ਮੁੱਖ ਤੌਰ ‘ਤੇ ਬਿਜਲੀ, ਟਰਾਂਸਪੋਰਟ, ਐੱਫ.ਸੀ.ਆਈ., ਬੀ ਬੀ ਐੱਮ ਬੀ, ਨਰੇਗਾ, ਉਸਾਰੀ ਕਿਰਤੀ, ਆਂਗਣਵਾੜੀ, ਆਸ਼ਾ ਕਰਮੀ, ਸਨਅਤੀ ਕਾਮੇ, ਘਰੇਲੂ ਕੰਮਕਾਜੀ ਔਰਤਾਂ, ਖੇਤ ਮਜ਼ਦੂਰ, ਭੱਠਾ ਵਰਕਰਜ਼, ਪੈਨਸ਼ਨਰਜ਼, ਸਫਾਈ ਕਾਮੇ, ਗੈਰ ਜਥੇਬੰਦ, ਮੰਡੀ ਬੋਰਡ, ਸੀਮੈਂਟ ਸਨਅਤ ਆਦਿ ਅਦਾਰਿਆਂ ਤੋਂ ਡੈਲੀਗੇਟ ਬਣ ਕੇ ਆਏ ਸਨ |
ਕਾਨਫਰੰਸ ਹਾਲ ਦੇ ਬਾਹਰਲੇ ਏਰੀਏ ਨੂੰ ਝੰਡੇ, ਮਾਟੋ ਲਾ ਕੇ ਸਜਾਇਆ ਗਿਆ ਸੀ | ਬੰਤ ਸਿੰਘ ਬਰਾੜ ਪ੍ਰਧਾਨ ਅਤੇ ਪੰਜਾਬ ਏਟਕ ਦੇ ਸਾਰੇ ਮੀਤ ਪ੍ਰਧਾਨਾਂ ‘ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਬਕਾਇਦਗੀ ਨਾਲ ਅਜਲਾਸ ਸ਼ੁਰੂ ਹੋਇਆ | ਡੈਲੀਗੇਟਾਂ ਨੂੰ ਜੀ ਆਇਆਂ ਕਹਿਣ ਲਈ ਸਵਾਗਤੀ ਕਮੇਟੀ ਦੇ ਚੇਅਰਮੈਨ, ਸੁਸ਼ੀਲ ਗੌਤਮ ਜੁਆਇੰਟ ਸੈਕਟਰੀ ਏ.ਆਈ.ਬੀ.ਈ.ਏ. ਵੱਲੋਂ ਸਵਾਗਤੀ ਭਾਸ਼ਣ ਵੀ ਦਿੱਤਾ ਗਿਆ ਅਤੇ ਪਟਿਆਲਾ ਸ਼ਹਿਰ ਦੇ ਸੰਬੰਧ ਵਿੱਚ ਭਰਪੂਰ ਜਾਣਕਾਰੀ ਵੀ ਦਿੱਤੀ ਗਈ | ਕਾਨਫਰੰਸ ਦਾ ਉਦਘਾਟਨ ਕਾਮਰੇਡ ਵਿਦਿਆ ਸਾਗਰ ਗਿਰੀ, ਕੌਮੀ ਸਕੱਤਰ ਏਟਕ ਨੇ ਕੀਤਾ | ਜਿਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਦੇਸ਼ ਦੇ ਵਰਤਮਾਨ ਆਰਥਿਕ, ਸਮਾਜਿਕ ਹਾਲਾਤ ਉਪਰ ਬੋਲਦਿਆਂ ਕਿਹਾ ਕਿ ਮੋਦੀ ਦੇ 8 ਸਾਲ ਦੇ ਸ਼ਾਸਨ ਦੌਰਾਨ ਜਿਥੇ ਦੇਸ਼ ਦੇ ਆਰਥਿਕ ਹਾਲਾਤ ਬਦ ਤੋਂ ਬਦਤਰ ਹੋਏ ਹਨ, ਉੱਥੇ ਦੇਸ਼ ਦੇ ਮਜ਼ਦੂਰ ਵਰਗ ਦੀ ਆਮਦਨ ਨੂੰ ਭਾਰੀ ਖੋਰਾ ਲੱਗਿਆ ਹੈ | ਮਹਿੰਗਾਈ ਨੇ ਗਰੀਬ ਆਦਮੀ ਨੰੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਮੁਥਾਜ ਕਰ ਦਿੱਤਾ ਹੈ | ਦੇਸ਼ ਦੀ ਲੱਗਭੱਗ ਅੱਧੀ ਅਬਾਦੀ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੀ ਹੈ | ਨਵੇਂ ਰੁਜ਼ਗਾਰ ਪੈਦਾ ਨਹੀਂ ਹੋ ਰਹੇ | ਕੰਮ ‘ਤੇ ਲੱਗੇ ਮਜ਼ਦੂਰਾਂ ਦੀ ਛਾਂਟੀ ਹੋ ਰਹੀ ਹੈ | ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਾਰਪੋਰੇਟਾਂ ਨੂੰ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰਨ ਦਾ ਛਾਂਟੀ ਕਰਨ ਦਾ ਅਤੇ ਸਮਾਜਿਕ ਸੁਰੱਖਿਆ ਖਤਮ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ | ਦੇਸ਼ ਦੀ ਤਰੱਕੀ ਵਿੱਚ ਬੇਸ਼ੁਮਾਰ ਯੋਗਦਾਨ ਪਾਉਣ ਵਾਲੇ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ | ਦੇਸ਼ ਦੇ ਕੁਦਰਤੀ ਸੋਮੇ ਜਲ, ਜੰਗਲ, ਜ਼ਮੀਨ ਨੂੰ ਵੀ ਕਾਰਪੋਰੇਟਾਂ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ | ਕਾਰਪੋਰੇਟਾਂ ਦੇ ਲੁੱਟ ਦੇ ਏਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਹਰ ਹਰਬਾ ਵਰਤ ਰਹੀ ਹੈ | ਭਾਰਤੀ ਲੋਕਾਂ ਨੂੰ ਧਰਮ, ਜਾਤਪਾਤ, ਖੇਤਰਵਾਦ ਆਦਿ ਦੇ ਨਾਂਅ ‘ਤੇ ਵੰਡ ਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਗੰਦੀ ਖੇਡ ਸੱਤਾ ‘ਤੇ ਕਾਬਜ਼ ਬੀ.ਜੇ.ਪੀ. ਬੇਸ਼ਰਮੀ ਨਾਲ ਖੇਡ ਰਹੀ ਹੈ | ਕਾਮਰੇਡ ਗਿਰੀ ਨੇ ਡੈਲੀਗੇਟਾਂ ਨੂੰ ਮਜ਼ਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਸੁਚੇਤ ਰੂਪ ਵਿੱਚ ਮਜ਼ਬੂਤ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ |
ਅਜਲਾਸ ਦੇ ਸਨਮੁੱਖ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਨੇ ਵਿਆਪਕ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਡੈਲੀਗੇਟਾਂ ਨੇ ਸਰਬ-ਸੰਮਤੀ ਨਾਲ ਪਾਸ ਕੀਤਾ | ਕਾਨਫਰੰਸ ਵਿੱਚ ਦਰਜਨ ਤੋਂ ਵੱਧ ਮਤੇ ਲੇਬਰ ਕੋਡਜ਼, ਪਬਲਿਕ ਸੈਕਟਰ, ਨਿੱਜੀਕਰਨ, ਸਿਹਤ, ਸਿੱਖਿਆ, ਮਹਿੰਗਾਈ, ਬੇਰੁਜ਼ਗਾਰੀ, ਸਕੀਮ ਵਰਕਰਾਂ ਸੰਬੰਧੀ, ਉਸਾਰੀ ਕਿਰਤੀਆਂ, ਖੇਤ ਮਜ਼ਦੂਰਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਵੱਖ-ਵੱਖ ਮਤੇ ਪੇਸ਼ ਕੀਤੇ ਗਏ ਅਤੇ ਪਾਸ ਕੀਤੇ ਗਏ |
ਕਾਨਫਰੰਸ ਵਿੱਚ ਜੁੜੇ ਡੈਲੀਗੇਟਾਂ ਨੇ ਅਗਲੇ ਤਿੰਨ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਕੀਤੀ | ਜਿਸ ਅਨੁਸਾਰ ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ, ਸੁਖਦੇਵ ਸ਼ਰਮਾ ਵਰਕਿੰਗ ਪ੍ਰਧਾਨ, ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਅਤੇ ਅਮਰਜੀਤ ਆਸਲ ਡਿਪਟੀ ਜਨਰਲ ਸਕੱਤਰ ਚੁਣੇ ਗਏ | ਮੋਹਿੰਦਰਪਾਲ ਸਿੰਘ ਮੋਹਾਲੀ ਵਿੱਤ ਸਕੱਤਰ ਚੁਣੇ ਗਏ | ਇਨ੍ਹਾਂ ਤੋਂ ਇਲਾਵਾ 20 ਹੋਰ ਅਹੁਦੇਦਾਰ ਚੁਣੇ ਗਏ ਅਤੇ 36 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ | ਅੰਤ ਵਿੱਚ ਕਾਮਰੇਡ ਬੰਤ ਬਰਾੜ ਪ੍ਰਧਾਨ ਵੱਲੋਂ ਡੈਲੀਗੇਟਾਂ ਦਾ ਕਾਨਫਰੰਸ ਨੂੰ ਸ਼ਾਨਦਾਰ ਤਰੀਕੇ ਨਾਲ ਸੰਪੰਨ ਕਰਨ ਵਿੱਚ ਪਾਏ ਭਰਪੂਰ ਯੋਗਦਾਨ ਲਈ ਧੰਨਵਾਦ ਕੀਤਾ ਗਿਆ |





