ਸ਼ਿਮਲਾ : ਕਾਂਗਰਸ ਹਾਈਕਮਾਨ ਵੱਲੋਂ ਹਿਮਾਚਲ ਘੱਲੇ ਅਬਜ਼ਰਵਰਾਂ ਨੇ ਸ਼ੁੱਕਰਵਾਰ ਆਗੂ ਚੁਣਨ ਲਈ ਵਿਧਾਇਕਾਂ ਦੀ ਮੀਟਿੰਗ ਤੋਂ ਪਹਿਲਾਂ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕਰਕੇ ਪਾਰਟੀ ਵੱਲੋਂ ਅਸੰਬਲੀ ਚੋਣਾਂ ਵਿਚ ਬਹੁਮਤ ਹਾਸਲ ਕਰਨ ਦੀ ਜਾਣਕਾਰੀ ਦਿੱਤੀ | ਅਬਜ਼ਰਵਰਾਂ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪਾਰਟੀ ਦੇ ਹਿਮਾਚਲ ਦੇ ਇੰਚਾਰਜ ਰਾਜੀਵ ਸ਼ੁਕਲਾ ਸ਼ਾਮਲ ਸਨ |
ਹੁੱਡਾ ਨੇ ਦੱਸਿਆ ਕਿ ਉਨ੍ਹਾਂ ਰਾਜਪਾਲ ਨੂੰ ਦੱਸਿਆ ਕਿ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ ਤੇ ਸਰਕਾਰ ਬਣਾਉਣ ਦਾ ਦਾਅਵਾ ਬਾਅਦ ਵਿਚ ਕਰੇਗੀ | ਇਸਤੋਂ ਪਹਿਲਾਂ ਅਬਜ਼ਰਵਰਾਂ ਨੇ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਦੇ ਅਹੁਦੇ ਦੀ ਤਕੜੀ ਦਾਅਵੇਦਾਰ ਪ੍ਰਤਿਭਾ ਸਿੰਘ ਨਾਲ ਹੋਟਲ ‘ਚ ਮੁਲਾਕਾਤ ਕੀਤੀ | ਮਰਹੂਮ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦੇ ਬੇਟੇ ਵਿਕਰਮਾਦਿੱਤਿਆ, ਜਿਹੜੇ ਸ਼ਿਮਲਾ ਦਿਹਾਤ ਤੋਂ ਵਿਧਾਇਕ ਚੁਣੇ ਗਏ ਹਨ, ਨੇ ਕਿਹਾ—ਮੈਂ ਮੁੱਖ ਮੰਤਰੀ ਦੀ ਦੌੜ ਵਿਚ ਨਹੀਂ ਪਰ ਮੇਰੀ ਮਾਤਾ ਦਾਅਵੇਦਾਰਾਂ ਵਿਚ ਸ਼ਾਮਲ ਹਨ |
ਆਗੂ ਚੁਣਨ ਲਈ ਵਿਧਾਇਕਾਂ ਦੀ ਮੀਟਿੰਗ ਤਿੰਨ ਵਜੇ ਸੱਦੀ ਗਈ ਸੀ ਪਰ ਸਾਬਕਾ ਪ੍ਰਧਾਨ ਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਖਵਿੰਦਰ ਸਿੰਘ ਸੁੱਖੂ ਸ਼ਾਮ ਚਾਰ ਵਜੇ ਤਕ ਨਹੀਂ ਪੁੱਜੇ | ਨਤੀਜੇ ਵਜੋਂ ਮੀਟਿੰਗ ਦਾ ਸਮਾਂ 6 ਵਜੇ ਕਰ ਦਿੱਤਾ ਗਿਆ | ਸੁੱਖੂ ਦੇ ਨਾਲ 18 ਵਿਧਾਇਕਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਹਨ | ਮੁਕੇਸ਼ ਅਗਨੀਹੋਤਰੀ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ | ਜੇ ਇਨ੍ਹਾਂ ਵਿੱਚੋਂ ਕਿਸੇ ‘ਤੇ ਸਹਿਮਤੀ ਨਾ ਬਣੀ ਤਾਂ ਹਾਈਕਮਾਨ ਵਿਵਾਦ ਤੋਂ ਬਚਣ ਲਈ ਰਜਿੰਦਰ ਰਾਣਾ ਠਾਕੁਰ, ਚੰਦਰ ਕੁਮਾਰ ਤੇ ਧਨੀ ਰਾਮ ਸ਼ਾਂਡਿਲ ਦੇ ਨਾਂ ‘ਤੇ ਵਿਚਾਰ ਕਰ ਸਕਦੀ ਹੈ | ਪ੍ਰਤਿਭਾ ਸਿੰਘ ਮੰਡੀ ਤੋਂ ਲੋਕਸਭਾ ਮੈਂਬਰ ਹਨ | ਜੇ ਉਨ੍ਹਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਜ਼ਿਮਨੀ ਚੋਣ ਕਰਾਉਣੀ ਪਏਗੀ | ਭਾਜਪਾ ਨੇ ਮੰਡੀ ਜ਼ਿਲ੍ਹੇ ਵਿੱਚੋਂ 10 ਵਿੱਚੋਂ 9 ਸੀਟਾਂ ਜਿੱਤੀਆਂ ਹਨ ਤੇ ਭਾਜਪਾ ਦੇ ਮੁੱਖ ਮੰਤਰੀ ਰਹੇ ਜੈਰਾਮ ਠਾਕੁਰ 37 ਹਜ਼ਾਰ ਤੋਂ ਵੱਧ ਵੋਟਾਂ ਦੇ ਰਿਕਾਰਡ ਫਰਕ ਨਾਲ ਜੇਤੂ ਰਹੇ ਹਨ | ਹਾਈਕਮਾਨ ਲਈ ਜ਼ਿਮਨੀ ਚੋਣ ਦਾ ਰਿਸਕ ਲੈਣਾ ਮੁਸ਼ਕਲ ਹੋਵੇਗਾ | ਇਹ ਵੀ ਖਬਰ ਹੈ ਕਿ ਜੇ ਪ੍ਰਤਿਭਾ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਤਾਂ ਉਨ੍ਹਾਂ ਦੇ ਹਮਾਇਤੀ ਉਨ੍ਹਾ ਦੇ ਬੇਟੇ ਵਿਕਰਮਾਦਿੱਤਿਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਸਕਦੇ ਹਨ |



