ਗੁਜਰਾਤ, ਹਿਮਾਚਲ ਦੀਆਂ ਵਿਧਾਨ ਸਭਾਵਾਂ ਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਦੀ ਬਹੁਤ ਚਰਚਾ ਹੋ ਚੁੱਕੀ ਹੈ | ਗੋਦੀ ਮੀਡੀਆ ਨੇ ਗੁਜਰਾਤ ਵਿੱਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਦੱਸ ਕੇ ਬਾਕੀ ਦੋਵਾਂ ਥਾਵਾਂ ‘ਤੇ ਭਾਜਪਾ ਦੀ ਹਾਰ ਨੂੰ ਪਰਦੇ ਪਿੱਛੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ | ਇਸ ਦੀ ਹੁਣ ਚਰਚਾ ਦੀ ਲੋੜ ਨਹੀਂ ਹੈ | ਇੱਥੇ ਅਸੀਂ ਯੂ ਪੀ ਅੰਦਰ ਹੋਈਆਂ ਵਿਧਾਨ ਸਭਾ ਦੀਆਂ ਦੋ ਸੀਟਾਂ ਲਈ ਉਪ ਚੋਣਾਂ ਦਾ ਵਿਸ਼ਲੇਸ਼ਣ ਕਰਾਂਗੇ |
ਉੱਤਰ ਪ੍ਰਦੇਸ਼ ਵਿੱਚ ਆਦਿੱਤਿਆ ਨਾਥ ਯੋਗੀ ਦਾ ਰਾਮ ਰਾਜ ਹੈ | ਮੁੱਖ ਮੰਤਰੀ ਦੇ ਮੂੰਹ ਵਿੱਚੋਂ ਸ਼ਬਦਾਂ ਦੀ ਥਾਂ ਅੱਗ ਨਿਕਲਦੀ ਹੈ | ਉਹ ਖੱੁਲ੍ਹੇਆਮ ਠੋਕ ਦੇਣ ਤੇ ਸਬਕ ਸਿਖਾਉਣ ਦੇ ਐਲਾਨ ਕਰਦੇ ਹਨ | ਉਹ ਸਿਰਫ਼ ਕਹਿੰਦੇ ਹੀ ਨਹੀਂ, ਸਗੋਂ ਅਮਲੀ ਤੌਰ ਉੱਤੇ ਕਰਦੇ ਵੀ ਹਨ | ਉਨ੍ਹਾ ਦਾ ਰਾਜ ਲੋਕਤੰਤਰ ਵਿੱਚ ਪੁਲਸ ਰਾਜ ਦੀ ਭੈੜੀ ਵੰਨਗੀ ਹੈ | ਰਾਮਪੁਰ ਹਲਕੇ ਦੀ ਚੋਣ ਵਿੱਚ ਇਸ ਦਾ ਖੱੁਲ੍ਹਾ ਮੁਜ਼ਾਹਰਾ ਕੀਤਾ ਗਿਆ ਸੀ | ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਿਹਰਸਲ ਵਜੋਂ ਸਰਕਾਰ ਦੀ ਸ਼ਹਿ ਉੱਤੇ ਪੂਰੇ ਪ੍ਰਸ਼ਾਸਨ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਕਿ ਭਾਜਪਾ ਵਿਰੋਧੀ ਵੋਟਾਂ ਨੂੰ ਬੂਥਾਂ ਤੱਕ ਨਾ ਜਾਣ ਦਿੱਤਾ ਜਾਵੇ | ਮੁਸਲਿਮ ਮੁਹੱਲਿਆਂ ਵਿੱਚ ਪੁਲਸ ਧਾੜਾਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ | ਜਿਹੜਾ ਵਿਅਕਤੀ ਆਪਣੇ ਬੂਹੇ ਤੋਂ ਵੀ ਬਾਹਰ ਆਇਆ, ਉਸ ਉੱਤੇ ਪੁਲਸੀਏ ਝਪਟ ਪਏ ਤੇ ਉਸ ਨੂੰ ਹੱਡ ਤੁੜਵਾ ਕੇ ਹਸਪਤਾਲ ਪੁੱਜਣਾ ਪਿਆ | ਬਹੁਤ ਸਾਰੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਬਜ਼ੁਰਗ ਔਰਤ ਦੇ ਹੱਥਾਂ ਵਿੱਚੋਂ ਵਹਿੰਦਾ ਖੂਨ, ਪੁਲਸ ਦੀਆਂ ਗਾਹਲਾਂ, ਇੰਸਪੈਕਟਰ ਵੱਲੋਂ ਪਛਾਣ ਪੱਤਰ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਨੂੰ ਡੰਡੇ ਮਾਰ ਕੇ ਭਜਾ ਦੇਣ ਦੇ ਸਬੂਤ ਮੌਜੂਦ ਹਨ | ਦਹਿਸ਼ਤ ਦਾ ਮਾਹੌਲ ਇਹ ਹੈ ਕਿ ਨਤੀਜੇ ਆ ਜਾਣ ਤੋਂ ਬਾਅਦ ਵੀ ਪੀੜਤ ਵੋਟਰ ਆਪਣਾ ਮੂੰਹ ਖੋਹਲਣ ਲਈ ਤਿਆਰ ਨਹੀਂ ਹਨ | ਰਾਮਪੁਰ ਦੀ ਚੋਣ ਇਸ ਗੱਲ ਦਾ ਪ੍ਰਮਾਣ ਹੈ ਕਿ ਰਾਮ ਰਾਜ ਵਿੱਚ ਲੋਕਤੰਤਰ ਕਿਹੋ ਜਿਹਾ ਹੋਵੇਗਾ | ਗੋਦੀ ਮੀਡੀਆ ਵਿੱਚ ਇਸ ਚੋਣ ਦੀ ਰਿਪੋਰਟਿੰਗ ਇਸ ਹੈੱਡਲਾਈਨ ਨਾਲ ਪੇਸ਼ ਕੀਤੀ ਗਈ, ‘ਆਜ਼ਮ ਖਾਨ ਦਾ ਕਿਲ੍ਹਾ ਢਹਿ-ਢੇਰੀ’ | ਸੱਚਾਈ ਇਹ ਹੈ ਕਿ ਰਾਮਪੁਰ ਵਿੱਚ ਆਜ਼ਮ ਖਾਨ ਦਾ ਨਹੀਂ, ਲੋਕਤੰਤਰ ਦਾ ਕਿਲ੍ਹਾ ਢਹਿ-ਢੇਰੀ ਹੋਇਆ ਹੈ | ਰਾਮਪੁਰ ਚੋਣ ਨੇ ਸਭ ਰਾਜਨੀਤਕ ਪਾਰਟੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੁਸਲਿਮ ਅਬਾਦੀ ਵਾਲੇ ਹਲਕਿਆਂ ਵਿੱਚ ਭਾਜਪਾ ਇਹੋ ਰਣਨੀਤੀ ਅਪਣਾ ਸਕਦੀ ਹੈ |
ਇਸ ਦੇ ਨਾਲ ਹੀ ਦੂਜੇ ਵਿਧਾਨ ਸਭਾ ਹਲਕੇ ਖਤੌਲੀ ਵਿੱਚ ਵੀ ਵੋਟਾਂ ਪਈਆਂ ਸਨ | ਇਹ ਉਹੋ ਖਤੌਲੀ ਹੈ, ਜਿੱਥੇ 2013 ਵਿੱਚ ਜਿੱਥੋਂ ਸ਼ੁਰੂ ਹੋਏ ਟਕਰਾਅ ਨੇ ਪੂਰੇ ਪੱਛਮੀ ਉਤਰ ਪ੍ਰਦੇਸ਼ ਨੂੰ ਦੰਗਿਆਂ ਦੀ ਅੱਗ ਵਿੱਚ ਝੋਕ ਦਿੱਤਾ ਸੀ | ਇਨ੍ਹਾਂ ਦੰਗਿਆਂ ਦੇ ਨਤੀਜੇ ਵਜੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਤੇ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਸ ਖੇਤਰ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਸੀ | 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਖਤੌਲੀ ਤੋਂ ਭਾਜਪਾ ਜਿੱਤੀ ਸੀ, ਪਰ ਕੁਝ ਮਹੀਨਿਆਂ ਬਾਅਦ ਹੁਣ ਹੋਈ ਉਪ ਚੋਣ ਵਿੱਚ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ | ਪਹਿਲਾਂ-ਪਹਿਲ ਖ਼ਬਰਾਂ ਆਈਆਂ ਸਨ ਕਿ ਪੁਲਸ ਪ੍ਰਸ਼ਾਸਨ ਰਾਮਪੁਰ ਵਾਂਗ ਹੀ ਘੱਟਗਿਣਤੀ ਫਿਰਕੇ ਦੇ ਵੋਟਰਾਂ ਨੂੰ ਧਮਕਾ ਰਿਹਾ ਹੈ, ਪਰ ਇਹ ਸੰਭਵ ਨਾ ਹੋ ਸਕਿਆ, ਕਿਉਂਕਿ ਖਤੌਲੀ ਰਾਮਪੁਰ ਨਹੀਂ ਹੈ | ਇਸ ਏਰੀਏ ਵਿੱਚ ਗੁੱਜਰ, ਜਾਟ ਤੇ ਖੇਤੀ ਨਾਲ ਜੁੜੇ ਮੁਸਲਿਮ ਜੱਟਾਂ ਦੀ ਵੱਡੀ ਅਬਾਦੀ ਹੈ | ਇਹ ਲੋਕ ਸੰਪੰਨ ਵੀ ਹਨ ਤੇ ਨਿੱਡਰ ਵੀ | ਦਿੱਲੀ ਦੀਆਂ ਹੱਦਾਂ ਉੱਤੇ ਲੱਗੇ ਕਿਸਾਨ ਮੋਰਚੇ ਵਿੱਚ ਇਸ ਇਲਾਕੇ ਦੇ ਲੋਕਾਂ ਨੇ ਵੱਡਾ ਹਿੱਸਾ ਪਾਇਆ ਸੀ | ਕਿਸਾਨ ਮੋਰਚੇ ਕਾਰਨ ਇਨ੍ਹਾਂ ਵੱਖ-ਵੱਖ ਜਾਤੀਆਂ ਦੇ ਕਿਸਾਨਾਂ ਵਿੱਚ ਫਿਰਕੂ ਏਕਤਾ ਮਜ਼ਬੂਤ ਹੋਈ ਸੀ | ਅਜਿਹੇ ਵਿੱਚ ਜੇਕਰ ਭਾਜਪਾ ਇੱਥੇ ਰਾਮਪੁਰ ਵਾਲੀ ਚਾਲ ਚਲਦੀ ਤਾਂ ਉਸ ਦਾ ਰਹਿੰਦਾ -ਖੂੰਹਦਾ ਪ੍ਰਭਾਵ ਵੀ ਖ਼ਤਮ ਹੋ ਜਾਣਾ ਸੀ | ਇਸੇ ਮਜਬੂਰੀ ਕਾਰਨ ਭਾਜਪਾ ਨੂੰ ਆਪਣੀ ਹਾਰ ਮੰਨਣੀ ਪਈ ਸੀ |
ਇਸ ਹਲਕੇ ਤੋਂ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਦੀ ਜਿੱਤ ਨੇ ਇੱਕ ਵੱਡਾ ਸੰਦੇਸ਼ ਦਿੱਤਾ ਹੈ ਕਿ ਖੇਤੀ ਨਾਲ ਜੁੜੇ ਵਰਗਾਂ ਨੂੰ ਜੇਕਰ ਜਥੇਬੰਦ ਕੀਤਾ ਜਾਵੇ ਤਾਂ ਭਾਜਪਾ ਦੀ ਫਿਰਕੂ ਤੇ ਧੱਕੜਸ਼ਾਹੀ ਵਾਲੀ ਵਿਚਾਰਧਾਰਾ ਨੂੰ ਹਰਾਇਆ ਜਾ ਸਕਦਾ ਹੈ | ਇਸ ਤਜਰਬੇ ਨੇ ਇਹ ਸਿੱਧ ਕੀਤਾ ਹੈ ਕਿ ਫਾਸ਼ੀਵਾਦੀ ਵਿਰੁੱਧ ਲੜਾਈ ਲਈ ਕਿਸਾਨਾਂ, ਪੇਂਡੂ ਮਜ਼ਦੂਰਾਂ, ਦਲਿਤਾਂ, ਘੱਟਗਿਣਤੀਆਂ ਤੇ ਆਮ ਲੋਤੰਤਰੀ ਆਸਥਾ ਵਾਲੇ ਲੋਕਾਂ ਦਾ ਸਾਂਝਾ ਮੋਰਚਾ ਇੱਕ ਧੁਰਾ ਬਣ ਸਕਦਾ ਹੈ |
-ਚੰਦ ਫਤਿਹਪੁਰੀ





