ਬੀਤੇ ਵਿਚ ਗੁੰਮਰਾਹਕੁੰਨ ਵਿਗਿਆਪਨ ਦੇਣ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਚਿਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ’ ਨੇ ਅਖਬਾਰਾਂ ਵਿਚ ਅੱਧੇ ਸਫੇ ਦਾ ਵਿਗਿਆਪਨ ਦੇ ਕੇ ਇਕ ਹੋਰ ਵਿਵਾਦ ਪੈਦਾ ਕਰ ਦਿੱਤਾ ਹੈ | ਵਿਗਿਆਪਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਬ੍ਰਾਂਡ ਦੀਆਂ ਰਵਾਇਤੀ ਦਵਾਈਆਂ ਟਾਈਪ-1 ਸ਼ੂਗਰ, ਥਾਇਰਾਈਡ, ਬਲੱਡ ਪ੍ਰੈਸ਼ਰ ਤੇ ਦਮੇ ਵਰਗੀਆਂ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੀਆਂ ਹਨ | ਵਿਗਿਆਪਨ ਦਾ ਸਿਰਲੇਖ ‘ਐਲੋਪੈਥੀ ਵੱਲੋਂ ਫੈਲਾਈਆਂ ਗਈਆਂ ਗਲਤ ਧਾਰਨਾਵਾਂ’ ਹੈ, ਜਿਸ ਨੂੰ ਕਈ ਸੀਨੀਅਰ ਡਾਕਟਰਾਂ ਨੇ ਗੁੰਮਰਾਹਕੁੰਨ ਤੇ ਪੂਰੀ ਤਰ੍ਹਾਂ ਗਲਤ ਕਰਾਰ ਦਿੰਦਿਆਂ ਖਾਰਜ ਕੀਤਾ ਹੈ | ਵਿਗਿਆਪਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ‘ਵਿਗਿਆਨਕ ਖੋਜ’ ਰਾਹੀਂ ਉਹ ਕਰੋੜਾਂ ਲੋਕਾਂ ਨੂੰ ਸਾਰੇ ਰੋਗਾਂ ਤੋਂ ਮੁਕਤ ਬਣਾ ਕੇ ਇਨ੍ਹਾਂ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਨ ਵਿਚ ਸਫਲ ਰਹੇ ਹਨ | ਡਾਕਟਰ ਸਭ ਤੋਂ ਵੱਧ ਇਸ ਦਾਅਵੇ ਤੋਂ ਹੈਰਾਨ ਹਨ ਕਿ ਪਤੰਜਲੀ ਦੀ ਦਵਾਈ ਦੁਨੀਆ ਵਿਚ ਪਹਿਲੀ ਵਾਰ ਟਾਈਪ-1 ਡਾਇਬਟੀਜ਼ (ਸ਼ੂਗਰ) ਨੂੰ ਪੂਰੀ ਤਰ੍ਹਾਂ ਠੀਕ ਕਰਨ ਵਿਚ ਸਫਲ ਰਹੀ ਹੈ | ਡਾਕਟਰਾਂ ਮੁਤਾਬਕ ਅੱਜ ਤੱਕ ਇਸ ਦਾ ਕੋਈ ਪੱਕਾ ਇਲਾਜ ਨਹੀਂ ਨਿਕਲਿਆ | ਪਦਮਸ੍ਰੀ ਨਾਲ ਸਨਮਾਨਤ ਤੇ ਡਾ. ਮੋਹੰਜ਼ ਡਾਇਬਟੀਜ਼ ਸਪੈਸ਼ਲਟੀਜ਼ ਸੈਂਟਰ ਦੇ ਚੇਅਰਮੈਨ ਡਾ. ਵੀ ਮੋਹਨ ਨੇ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਹੈ ਕਿ ਜੇ ਤੁਸੀਂ ਇੰਸੂਲਿਨ ਬੰਦ ਕਰ ਦਿਓਗੇ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ | ਅਜੇ ਤੱਕ ਟਾਈਪ-1 ਡਾਇਬਟੀਜ਼ ਦਾ ਕੋਈ ਇਲਾਜ ਨਹੀਂ ਹੈ, ਇੰਸੂਲਿਨ ਜੀਵਨ ਰੱਖਿਅਕ ਹੈ, ਕ੍ਰਿਪਾ ਕਰਕੇ ਇਸ ਨੂੰ ਜਾਰੀ ਰੱਖੋ | ਮੈਕਸ ਹੈੱਲਥ ਕੇਅਰ ਵਿਚ ਐਂਡੋਕ੍ਰਿਨੋਲੋਜੀ ਐਂਡ ਡਾਇਬਟੀਜ਼ ਦੇ ਪ੍ਰਧਾਨ ਡਾ. ਅੰਬਰੀਸ਼ ਮਿੱਤਲ ਤੇ ਹੋਰ ਡਾਕਟਰਾਂ ਨੇ ਵੀ ਕਿਹਾ ਹੈ ਕਿ ਇਸ ਵਿਗਿਆਪਨ ਵਿਚ ਬਹੁਤੀਆਂ ਗੱਲਾਂ ਸਪੱਸ਼ਟ ਤੌਰ ‘ਤੇ ਝੂਠੀਆਂ ਹਨ, ਪਰ ਕੁਝ ਦਾਅਵੇ ਪੂਰੀ ਤਰ੍ਹਾਂ ਖਤਰਨਾਕ ਹਨ | ਮਸਲਨ, ਟਾਈਪ-1 ਡਾਇਬਟੀਜ਼ ਦੇ ਮਰੀਜ਼ ਇੰਸੂਲਿਨ ਇਸਤੇਮਾਲ ਨਾ ਕਰਨ | ਇਨ੍ਹਾਂ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਸੂਲਿਨ ਨਾ ਛੱਡਣ, ਇਹ ਘਾਤਕ ਹੋ ਸਕਦਾ ਹੈ |
ਇਸ ਸਾਲ ਜੁਲਾਈ ਵਿਚ ਵੀ ਪਤੰਜਲੀ ਨੇ ਵਿਗਿਆਪਨ ਦੇ ਕੇ ਦਾਅਵਾ ਕੀਤਾ ਸੀ ਕਿ ਉਹ ਕੁਝ ਪ੍ਰਮੱੁਖ ਗੈਰ-ਸੰਚਾਰੀ ਬਿਮਾਰੀਆਂ ਦਾ ਇਲਾਜ ਕਰ ਸਕਦੀ ਹੈ | ਗੈਰ-ਸੰਚਾਰੀ ਬਿਮਾਰੀਆਂ ਵਿਚ ਹਿਰਦੇ ਰੋਗ, ਸਟਰੋਕ, ਕੈਂਸਰ, ਸ਼ੂਗਰ ਤੇ ਫੇਫੜਿਆਂ ਦੀ ਪੁਰਾਣੀ ਬਿਮਾਰੀ ਆਦਿ ਸ਼ਾਮਲ ਹਨ | ਦੁਨੀਆ ਭਰ ਵਿਚ ਹੋਣ ਵਾਲੀਆਂ ਮੌਤਾਂ ਦੇ 74 ਪ੍ਰਤੀਸ਼ਤ ਲਈ ਇਹ ਬੀਮਾਰੀਆਂ ਜ਼ਿੰਮੇਦਾਰ ਹਨ | ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਦੇ ਭਾਗ 9, ਨਿਯਮ 106 (1) ਮੁਤਾਬਕ ਕੋਈ ਵੀ ਦਵਾਈ ਇਕ ਜਾਂ ਇਕ ਤੋਂ ਵੱਧ ਰੋਗਾਂ ਦੀ ਰੋਕਥਾਮ ਜਾਂ ਨਿਦਾਨ ਦਾ ਦਾਅਵਾ ਨਹੀਂ ਕਰ ਸਕਦੀ ਤੇ ਨਾ ਹੀ ਇਸ ਦੇ ਸੰਭਾਵਤ ਉਪਯੋਗਕਰਤਾਵਾਂ ਨੂੰ ਅਜਿਹਾ ਵਿਚਾਰ ਦੇ ਸਕਦੀ ਹੈ |
ਬਾਬਾ ਰਾਮਦੇਵ ਤੇ ਉਸ ਦੀ ਕੰਪਨੀ ਪਤੰਜਲੀ ਨੇ 2021 ਵਿਚ ਆਪਣੀ ਦਵਾਈ ‘ਕੋਰੋਨਿਲ’ ਨੂੰ ਕੋਵਿਡ-19 ਦੇ ਇਲਾਜ ਵਿਚ ਕਾਰਗਰ ਦੱਸਿਆ ਸੀ ਤੇ ਨਾਲ ਹੀ ਐਲੋਪੈਥੀ ਦੇ ਡਾਕਟਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ | ਡਾਕਟਰਾਂ ਨੇ ਅਦਾਲਤ ਦਾ ਰੁਖ ਕੀਤਾ ਸੀ | ਅਦਾਲਤ ਨੇ ਕੰਪਨੀ ਨੂੰ ਫਿਟਕਾਰਦਿਆਂ ਕਿਹਾ ਸੀ ਕਿ ਉਹ ਆਪਣੇ ਉਤਪਾਦ ਨੂੰ ਕੋਵਿਡ ਦਾ ਇਲਾਜ ਦੱਸ ਕੇ ਗੁੁੰਮਰਾਹ ਕਰ ਰਹੀ ਹੈ | ਕਈ ਹੋਰ ਮਾਮਲਿਆਂ ਵਿਚ ਵੀ ਬਾਬਾ ਰਾਮਦੇਵ ਤੇ ਪਤੰਜਲੀ ਦੀ ਝਾੜਝੰਬ ਹੋ ਚੁੱਕੀ ਹੈ, ਪਰ ਪਹਿਲੀ ਵਾਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਾਉਣ ‘ਚ ਰੋਲ ਅਦਾ ਕਰਨ ਵਾਲੇ ਬਾਬਾ ਰਾਮਦੇਵ ਪ੍ਰਤੀ ਕੇਂਦਰ ਸਰਕਾਰ ਵੱਲੋਂ ਸਖਤ ਰਵੱਈਆ ਨਾ ਅਪਣਾਉਣ ਕਾਰਨ ਉਹ ਗਾਹੇ-ਬਗਾਹੇ ਲੋਕਾਂ ਨੂੰ ਗੁੰਮਰਾਹ ਕਰਦਾ ਹੀ ਰਹਿੰਦਾ ਹੈ |