ਸਿਰਸਾ : ਇੱਥੇ ਮੰਗਲਵਾਰ ਰਾਤ ਨੌਜਵਾਨ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਬਾਜ਼ਾਰ ‘ਚ ਨੰਗਾ ਘੁਮਾਉਣ ਦੇ ਦੋਸ਼ ਹੇਠ ਪੁਲਸ ਨੇ 7 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਸ ਨੇ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਹੈ | ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇ ਮਾਰ ਰਹੀ ਹੈ | ਡੀ ਐੱਸ ਪੀ ਸਾਧੂ ਰਾਮ ਤੇ ਸਿਟੀ ਥਾਣਾ ਇੰਚਾਰਜ ਇੰਸਪੈਕਟਰ ਧਰਮਵੀਰ ਨੇ ਗਿ੍ਫਤਾਰ ਮੁਲਜ਼ਮਾਂ ਦੀ ਪਛਾਣ ਸੰਜੂ ਵਾਸੀ ਭਾਰਤ ਨਗਰ, ਯਸ਼ ਵਾਸੀ ਪਟੇਲ ਬਸਤੀ ਬੇਗੂ ਰੋਡ, ਗਗਨਦੀਪ ਵਾਸੀ ਰਾਣੀਆਂ ਰੋਡ, ਕਮਲ ਵਾਸੀ ਕੀਰਤੀ ਨਗਰ, ਜਸ਼ਨ ਵਾਸੀ ਭਾਵਦੀਨ, ਕਰਨ ਤੇ ਵਿਸ਼ਾਲ ਵਾਸੀ ਸਬਜ਼ੀ ਮੰਡੀ ਸਿਰਸਾ ਵਜੋਂ ਕੀਤੀ ਹੈ | ਨੌਜਵਾਨ ਦੀ ਇਨ੍ਹਾਂ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮਗਰੋਂ ਉਸ ਨੂੰ ਅਲਫ ਨੰਗਾ ਕਰਕੇ ਬਾਜ਼ਾਰ ਘੁਮਾਉਂਦੇ ਹੋਏ ਥਾਣੇ ਲੈ ਗਏ, ਜਿਸ ਮਗਰੋਂ ਪੁਲਸ ਹਰਕਤ ‘ਚ ਆਈ ਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਡੀ ਐੱਸ ਪੀ ਸਾਧੂ ਰਾਮ ਨੇ ਦੱਸਿਆ ਕਿ ਪੀੜਤ ਵਿਸ਼ਾਲ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ |