ਚੰਡੀਗੜ੍ਹ : ਡੀ ਜੀ ਪੀ ਗੌਰਵ ਯਾਦਵ ਨੇ ਨਕੋਦਰ ‘ਚ ਕੱਪੜਾ ਵਪਾਰੀ ਟਿੰਮੀ ਚਾਵਲਾ ਤੇ ਉਸ ਦੇ ਬਾਡੀਗਾਰਡ ਪੁਲਸ ਮੁਲਾਜ਼ਮ ਮਨਦੀਪ ਸਿੰਘ ਦੀ ਹੱਤਿਆ ਦਾ ਮਾਮਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ | ਉਨ੍ਹਾ ਬੁੱਧਵਾਰ ਇੱਥੇ ਪ੍ਰੈੱਸ ਕਾਨਫ਼ਰੰਸ ‘ਚ ਦੱਸਿਆ ਕਿ ਇਸ ਕਤਲ ਕਾਂਡ ਦੇ 3 ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਕਤਲ ਕਾਂਡ ਦੀ ਸਾਜ਼ਿਸ਼ ਅਮਰੀਕਾ ‘ਚ ਰਚੀ ਗਈ ਸੀ | ਤਿੰਨੇ ਸ਼ੂਟਰ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਤਿੰਨਾਂ ਦੀ ਉਮਰ 18-20 ਸਾਲ ਦੇ ਵਿਚਕਾਰ ਹੈ | ਇਹ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦਾ ਖੁਸ਼ਕਰਨ ਸਿੰਘ ਉਰਫ ਫੌਜੀ, ਵਹਿਣ ਦੀਵਾਨ ਦਾ ਕਮਲਦੀਪ ਸਿੰਘ ਉਰਫ ਦੀਪ ਅਤੇ ਜੱਸੀ ਪੌਂਅ ਵਾਲੀ ਦਾ ਮੰਗਾ ਸਿੰਘ ਉਰਫ ਗੀਤਾ ਉਰਫ ਬਿੱਛੂ ਹਨ | ਯਾਦਵ ਨੇ ਦੱਸਿਆ ਕਿ ਸਾਜ਼ਿਸ਼ ਅਮਰੀਕਾ ਰਹਿੰਦੇ ਨਕੋਦਰ ਇਲਾਕੇ ਦੇ ਅਮਨਦੀਪ ਪੁਰੇਵਾਲ ਉਰਫ ਅਮਨ ਨੇ ਰਚੀ ਸੀ | ਮੁਲਜ਼ਮਾਂ ਕੋਲੋਂ ਇਕ ਪਿਸਤੌਲ ਤੇ ਰੇਕੀ ਕਰਨ ਲਈ ਵਰਤੀ ਸਫਾਰੀ ਵੀ ਬਰਾਮਦ ਕੀਤੀ ਗਈ ਹੈ | ਯਾਦਵ ਨੇ ਕਿਹਾ ਕਿ ਪੁਲਸ ਨੇ ਮਾਲੜੀ ਦੇ ਗੁਰਿੰਦਰ ਸਿੰਘ ਤੇ ਬਠਿੰਡਾ ਦੇ ਅਮਰੀਕ ਸਿੰਘ ਦੀ ਪਛਾਣ ਵੀ ਕੀਤੀ ਹੈ, ਜਿਨ੍ਹਾਂ ਨੇ ਪੁਰੇਵਾਲ ਦੇ ਕਹਿਣ ‘ਤੇ ਰੇਕੀ ਕੀਤੀ ਸੀ ਤੇ ਸ਼ੂਟਰ ਦਾ ਪ੍ਰਬੰਧ ਕੀਤਾ ਸੀ | ਦੋ ਹੋਰ ਸ਼ੂਟਰਾਂ ਦੀ ਪਛਾਣ ਸਤਪਾਲ ਉਰਫ ਸਾਜਨ ਤੇ ਠਾਕੁਰ ਵਜੋਂ ਕੀਤੀ ਗਈ ਹੈ | ਯਾਦਵ ਨੇ ਪੁਰੇਵਾਲ ਦੇ ਕਿਸੇ ਹੋਰ ਗੈਂਗ ਨਾਲ ਜੁੜੇ ਹੋਣ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਨੇ ਨਵਾਂ ਗੈਂਗ ਬਣਾਉਣ ਲਈ ਇਹ ਪਹਿਲੀ ਵਾਰਦਾਤ ਕੀਤੀ |
ਐੱਸ ਐੱਸ ਪੀ ਜਲੰਧਰ ਦਿਹਾਤੀ ਨੇ ਕਿਹਾ ਕਿ ਹਮਲਾਵਰਾਂ ਦਾ ਪਿਛਲਾ ਅਪਰਾਧਕ ਰਿਕਾਰਡ ਨਹੀਂ ਹੈ |