ਜਲੰਧਰ (ਰਾਜੇਸ਼ ਥਾਪਾ)
ਏਟਕ ਨਾਲ ਸੰਬੰਧਤ ਰਿਟਾਇਰੀ ਮੁਲਾਜ਼ਮਾਂ ਦੀ ਮਾਸਟਰ ਹਰੀ ਸਿੰਘ ਧੂਤ ਭਵਨ ਬੱਸ ਸਟੈਂਡ ਜਲੰਧਰ ਵਿਖੇ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਸੰਬੋਧਨ ਕਰਦਿਆਂ ਏਟਕ ਦੇ ਸੂਬਾਈ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਐਡਵੋਕੇਟ ਰਾਜਿੰਦਰ ਮੰਡ ਜਲੰਧਰ ਨੇ ਕਿਹਾ ਕਿ 15 ਜੂਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਪੁਰਬ ਅਤੇ ਗ਼ਦਰੀ ਦੇਸ਼ ਭਗਤ ਤਾਰਕਨਾਥ ਦਾਸ ਦਾ ਦਿਨ ਹਰੀ ਸਿੰਘ ਧੂਤ ਭਵਨ ਵਿਖੇ ਮਨਾਇਆ ਜਾਏਗਾ | ਆਗੂਆਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਲਾਸਾਨੀ ਸ਼ਖਸੀਅਤ ਤੇ ਵਿਚਾਰ ਨੂੰ ਜਾਨਣਾ ਬਹੁਤ ਅਹਿਮ ਹੈ | ਉਨ੍ਹਾਂ ਜ਼ੁਲਮ ਦਾ ਮੁਕਾਬਲਾ ਕੀਤਾ | ਉਸ ਮੌਕੇ ਦੇ ਹਾਕਮ ਹਿੰਦੁਸਤਾਨ ਦੇ ਭੋਲੇ-ਭਾਲੇ ਕਿਰਤੀਆਂ ਨੂੰ ਲੁੱਟਦੇ ਤੇ ਕੁੱਟਦੇ ਸਨ | ਕਿਰਤੀਆਂ ਕੋਲੋਂ ਜ਼ਬਰਦਸਤੀ ਕੰਮ ਕਰਵਾਉਂਦੇ ਸਨ | ਕਿਰਤੀਆਂ ਤੇ ਉਨ੍ਹਾਂ ਦੇ ਪਰਵਾਰਾਂ ਵਾਸਤੇ ਖਾਣ-ਪੀਣ ਲਈ ਬਚੇ ਜਾਂ ਨਾ ਬਚੇ, ਉਹ ਮੁਗਲ ਜ਼ਾਲਮ ਸਾਰੀ ਫ਼ਸਲ ਚੁੱਕ ਕੇ ਲੈ ਜਾਂਦੇ ਸਨ | ਇਕੱਲਾ ਕਿਰਤੀਆਂ ਦੀ ਕਿਰਤ ਕਮਾਈ ਨੂੰ ਲੁੱਟਣ ਦਾ ਸਿਲਸਿਲਾ ਹੀ ਇਨ੍ਹਾਂ ਜ਼ਾਲਮਾਂ ਨੇ ਜਾਰੀ ਨਹੀਂ ਸੀ ਰੱਖਿਆ, ਇਹ ਤਾਂ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਵੀ ਬਣਾਉਂਦੇ ਸਨ | ਜਿਹੜਾ ਉਨ੍ਹਾਂ ਜ਼ਾਲਮਾਂ ਦੇ ਜਬਰ-ਜ਼ੁਲਮ ਅੱਗੇ ਵੇਰ੍ਹਦਾ ਸੀ, ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੰਦੇ ਸਨ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਤਸੀਹੇ ਦੇ ਕੇ ਮਾਰਦੇ ਸਨ | ਇਨ੍ਹਾਂ ਜ਼ਾਲਮਾਂ ਨੇ ਲੋਕਾਈ ਤੇ ਏਨੇ ਜਿਆਦਾ ਜ਼ੁਲਮ ਕੀਤੇ ਕਿ ਉਹ ਤਵਾਰੀਖਾਂ ਜਾਣ ਕੇ ਹਿਰਦੇ ਵਲੂੰਧਰੇ ਜਾਂਦੇ ਹਨ | ਇਸ ਜ਼ੁਲਮ ਦੇ ਖ਼ਿਲਾਫ਼ ਸਾਡੇ ਮਹਾਨ ਗੁਰੂਆਂ ਨੇ ਲੁਕਾਈ ਨੂੰ ਜਾਗਰਤ ਕੀਤਾ | ਗੁਰੂ ਹਰਗੋਬਿੰਦ ਸਾਹਿਬ ਨੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਮੀਰੀ-ਪੀਰੀ ਦਾ ਸੰਦੇਸ਼ ਦਿੱਤਾ | ਤਲਵਾਰ ਚੁੱਕੀ ਤੇ ਲੜਾਈਆਂ ਲੜੀਆਂ | ਅਕਾਲ ਤਖਤ ਸਾਹਿਬ ਅੰਮਿ੍ਤਸਰ ਦਾ ਇਤਿਹਾਸ ਸਾਨੂੰ ਇਹੋ ਹੀ ਦਰਸਾਉਂਦਾ ਹੈ |
ਆਗੂਆਂ ਕਿਹਾ ਕਿ ਅਸੀਂ ਇਨ੍ਹਾਂ ਮਹਾਨ ਗੁਰੂਆਂ ਦੀ ਕੁਰਬਾਨੀ ਨੂੰ ਭੁੱਲੇ ਬੈਠੇ ਹਾਂ ਅਤੇ ਐਵੇਂ ਹੀ ਅਡੰਬਰ ਰਚਦੇ ਹਾਂ ਕਿ ਅਸੀਂ ਗੁਰੂ ਸਾਹਿਬਾਨ ਦੇ ਵਾਰਸ ਹਾਂ | ਅਸੀਂ ਉਨ੍ਹਾਂ ਦੇ ਪਦ ਚਿੰਨ੍ਹਾਂ ‘ਤੇ ਰੱਤੀ ਜਿੰਨਾ ਵੀ ਨਹੀਂ ਤੁਰਦੇ, ਸਗੋਂ ਗੁਰੂਆਂ ਦੇ ਵਿਚਾਰਾਂ ਦੇ ਉਲਟ ਚਲਦੇ ਹਾਂ | ਉਨ੍ਹਾਂ ਮੜ੍ਹੀਆਂ-ਮਸੀਤਾਂ ਨੂੰ ਪੂਜਣ ਦੀ ਥਾਂ ਲੋਕਾਈ ਨੂੰ ਸਿੱਧੇ ਰਾਹ ਪਾਉਣ ਦਾ ਸੰਦੇਸ਼ ਦਿੱਤਾ ਸੀ | ਇਸ ਮੌਕੇ ਐੱਚ ਐੱਸ ਬੀਰ, ਆਰ ਕੇ ਭਗਤ, ਆਰ ਐੱਸ ਭੱਟੀ ਤੇ ਰਜੇਸ਼ ਥਾਪਾ ਸੀਨੀਅਰ ਪੱਤਰਕਾਰ ਵੀ ਹਾਜ਼ਰ ਸਨ |