ਨਵੀਂ ਦਿੱਲੀ : ਦੇਸ਼ ਦੇ ਸਰਕਾਰੀ ਗੋਦਾਮਾਂ ‘ਚ ਕਣਕ ਦਾ ਸਟਾਕ ਮੌਜੂਦਾ ਪੱਧਰ ਤੋਂ ਅਗਲੇ ਮਹੀਨੇ ਦੀ ਸ਼ੁਰੂਆਤ ਤੱਕ ਕਰੀਬ 13 ਫੀਸਦ ਘਟ ਜਾਵੇਗਾ, ਪਰ ਇਹ ਦੇਸ਼ ਦੀਆਂ ਭਲਾਈ ਸਕੀਮਾਂ ਲਈ ਕਾਫੀ ਹੋਵੇਗਾ | ਇਹ ਦਾਅਵਾ ਖਪਤਕਾਰ ਮਾਮਲਿਆਂ ਅਤੇ ਖੁਰਾਕ ਮੰਤਰਾਲੇ ਨੇ ਵੀਰਵਾਰ ਕੀਤਾ |
ਦਸੰਬਰ ਲਈ ਸਰਕਾਰੀ ਗੋਦਾਮਾਂ ‘ਚ ਕਣਕ ਦਾ ਸਟਾਕ ਛੇ ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ | ਇਹ ਅਜਿਹੇ ਸਮੇਂ ਹੋਇਆ ਹੈ, ਜਦੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕਣਕ ਉਤਪਾਦਕ ਭਾਰਤ ਨੇ ਮਈ ‘ਚ ਇਸ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ | ਜਨਵਰੀ ਤੱਕ ਕਰੀਬ 1.59 ਕਰੋੜ ਟਨ ਕਣਕ ਉਪਲੱਬਧ ਹੋਵੇਗੀ | ਸਰਕਾਰੀ ਬਿਆਨ ਅਨੁਸਾਰ ਇਹ 1.38 ਕਰੋੜ ਟਨ ਦੇ ਬਫਰ ਸਟਾਕ ਤੋਂ ਵੱਧ ਹੈ | ਇਸ ਵੇਲੇ 1.82 ਕਰੋੜ ਟਨ ਕਣਕ ਉਪਲੱਬਧ ਹੈ | ਸਰਕਾਰ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ‘ਚ ਵਾਧਾ ਹੋਇਆ ਹੈ, ਜਿਸ ਨਾਲ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਖਰੀਦ ਸੀਜ਼ਨ ‘ਚ ਸਟਾਕ ਵਧ ਜਾਵੇਗਾ |





