ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਕੋਟ ਭਾਈ ਤੋਂ ਬੀਤੀ 25 ਨਵੰਬਰ ਨੂੰ ਅਗਵਾ ਕੀਤੇ 16 ਸਾਲਾ ਲੜਕੇ ਦਾ ਕਥਿਤ ਤੌਰ ‘ਤੇ 30 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ | ਹਰਮਨਦੀਪ ਸਿੰਘ ਦੇ ਪਰਵਾਰ ਨੂੰ ਅਗਵਾਕਾਰਾਂ ਵੱਲੋਂ ਪੈਸੇ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕੁਝ ਫੋਨ ਕਾਲਾਂ ਅਤੇ ਦੋ ਚਿੱਠੀਆਂ ਆਈਆਂ ਸਨ | ਹਾਲਾਂਕਿ ਪਰਵਾਰ ਨੇ ਉਸੇ ਦਿਨ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਸੀ | ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ, ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ, ਪਰ ਫਿਰ ਵੀ ਅਗਵਾਕਾਰਾਂ ਨੇ ਲੜਕੇ ਦਾ ਕਤਲ ਕਰ ਦਿੱਤਾ | ਸੂਤਰਾਂ ਨੇ ਦੱਸਿਆ ਕਿ ਲੜਕੇ ਦੀ ਹੱਤਿਆ ਕਰੀਬ 10 ਦਿਨ ਪਹਿਲਾਂ ਕੀਤੀ ਗਈ ਸੀ, ਪਰ ਇਕ ਮਸ਼ਕੂਕ ਨੇ ਪੁਲਸ ਦੇ ਸਾਹਮਣੇ ਬੀਤੇ ਦਿਨ ਇਹ ਗੱਲ ਕਬੂਲ ਕਰ ਲਈ | ਮੁਕਤਸਰ ਦੇ ਐੱਸ ਐੱਸ ਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਲੜਕੇ ਦਾ ਕਤਲ ਕੀਤਾ ਹੈ | ਪੁਲਸ ਨੇ ਹਾਲੇ ਲਾਸ਼ ਪ੍ਰਾਪਤ ਕਰਨੀ ਹੈ | ਫਿਲਹਾਲ ਪੰਜ ਮੁਲਜ਼ਮ ਹਿਰਾਸਤ ਵਿੱਚ ਹਨ |





