ਨੋਇਡਾ : ਬੀਟਾ 2 ਕੋਤਵਾਲੀ ਪੁਲਸ ਅਤੇ ਗ੍ਰੇਟਰ ਨੋਇਡਾ ਸਾਈਬਰ ਸੈੱਲ ਦੀ ਟੀਮ ਨੇ ਕੈਂਸਰ ਦੀ ਦਵਾਈ ਬਣਾਉਣ ਦੇ ਨਾਂਅ ‘ਤੇ ਇਕ ਸੇਵਾਮੁਕਤ ਕਰਨਲ ਨਾਲ ਆਨਲਾਈਨ 1.81 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਗਿ੍ਫਤਾਰ ਕੀਤਾ ਹੈ | ਪੁਲਸ ਨੇ ਮੁਲਜ਼ਮਾਂ ਕੋਲੋਂ ਕਰੀਬ 11 ਕਰੋੜ ਰੁਪਏ ਦੀ ਜਾਲ੍ਹੀ ਵਿਦੇਸ਼ੀ ਕਰੰਸੀ, ਸੇਫ, ਪਿ੍ੰਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਕਰਨਲ ਨੂੰ ਦੱਸਿਆ ਗਿਆ ਸੀ ਕਿ ਉਹ ਕੈਂਸਰ ਦੀ ਦਵਾਈ ਬਣਾਉਣ ਲਈ ਅਰੁਣਾਚਲ ਪ੍ਰਦੇਸ਼ ਦੀ ਔਰਤ ਥਾਬਾ ਦੇਵੀ ਤੋਂ ਬੂਟੀ ਖਰੀਦਦੇ ਹਨ | ਇੱਕ ਹਜ਼ਾਰ ਡਾਲਰ ਵਿੱਚ 200 ਗ੍ਰਾਮ ਦਾ ਇੱਕ ਪੈਕੇਟ ਖਰੀਦ ਕਰਕੇ ਬਾਅਦ ਵਿੱਚ ਉਹ ਤਿੰਨ ਹਜ਼ਾਰ ਡਾਲਰ ਵਿੱਚ ਵੇਚ ਦਿੰਦੇ ਹਨ | ਮੁਲਜ਼ਮਾਂ ਨੇ ਕਰਨਲ ਨੂੰ ਥਾਬਾ ਦੇਵੀ ਦਾ ਮੋਬਾਇਲ ਨੰਬਰ ਵੀ ਉਪਲੱਬਧ ਕਰਵਾਇਆ ਸੀ | ਮੁਲਜ਼ਮਾਂ ਨੇ ਕਰਨਲ ਨੂੰ ਕਈ ਤਰੀਕਿਆਂ ਨਾਲ ਫਸਾਇਆ | ਹੌਲੀ-ਹੌਲੀ ਕਰਨਲ ਤੋਂ ਦਵਾਈਆਂ ਖਰੀਦਣ ਦੇ ਨਾਂਅ ‘ਤੇ ਇਕ ਕਰੋੜ 81 ਲੱਖ ਰੁਪਏ ਦੀ ਠੱਗੀ ਮਾਰੀ | ਮੁਲਜ਼ਮਾਂ ਦੇ ਜਾਲ ਵਿੱਚ ਆ ਕੇ ਕਰਨਲ ਨੇ ਲੋਕਾਂ ਤੋਂ ਕੁਝ ਪੈਸੇ ਵੀ ਉਧਾਰ ਲਏ ਸਨ | ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ | ਪੁਲਸ ਨੇ ਨਾਇਜੀਰੀਆ ਦੇ ਰਹਿਣ ਵਾਲੇ ਈ ਕੇ ਉਫੇਰੇਮਵੁਕਵੇ, ਘਾਨਾ ਦੇ ਰਹਿਣ ਵਾਲੇ ਐਡਵਿਨ ਕੋਲਿਨਜ ਅਤੇ ਨਾਈਜੀਰੀਆ ਦੇ ਰਹਿਣ ਵਾਲੇ ਓਕੋਲੋਈ ਡੈਮੀਅਨ ਨੂੰ ਗਿ੍ਫਤਾਰ ਕੀਤਾ ਹੈ | ਪੁਲਸ ਨੂੰ ਕਰੀਬ ਤਿੰਨ ਸਾਲ ਪਹਿਲਾਂ ਵੀਜ਼ਾ ਅਤੇ ਪਾਸਪੋਰਟ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਲੁਕ ਕੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਕਾਰੋਬਾਰੀ ਵੀਜ਼ਾ ਲੈ ਕੇ ਆਏ ਵਿਦੇਸ਼ੀ ਨਾਗਰਿਕ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਸਨ |



