ਲੁਧਿਆਣਾ : ਆਬਕਾਰੀ ਵਿਭਾਗ ਨੇ ਇਤਿਹਾਸ ‘ਚ ਪਹਿਲੀ ਵਾਰ ਪੰਜਾਬ ਕੈਨਾਇਨ ਟਰੇਨਿੰਗ ਇੰਸਟੀਚਿਊਟ ਵੱਲੋਂ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਸਹਿਯੋਗ ਨਾਲ ਤਲਾਸ਼ੀ ਦੌਰਾਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਵੱਖ-ਵੱਖ ਟਾਪੂਆਂ ਅਤੇ ਕਿਨਾਰਿਆਂ ਤੋਂ ਲਗਭਗ 3 ਲੱਖ 30 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ | ਟਿਊਬਾਂ ‘ਚ 150 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਜਿਸ ਨੂੰ ਸਤਲੁਜ ਦਰਿਆ ਤੋਂ ਬਾਹਰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ | ਪੰਜਾਬ ਸਰਕਾਰ ਦੇ ਵਿਸ਼ੇਸ਼ ਪਾਇਲਟ ਪ੍ਰੋਜੈਕਟ ਤਹਿਤ ਵਿੱਤ ਕਮਿਸ਼ਨਰ ਕਰ ਅਤੇ ਆਬਕਾਰੀ ਕਮਿਸ਼ਨਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੁੰਘ ਕੇ ਪਤਾ ਲਗਾਉਣ ‘ਚ ਮਾਹਰ ਕੁੱਤਿਆਂ ਦੀਆਂ ਸੇਵਾਵਾਂ ਰਾਹੀਂ ਜਾਇੰਟ ਕਮਿਸ਼ਨਰ ਆਬਕਾਰੀ, ਪੰਜਾਬ ਨਰੇਸ਼ ਦੂਬੇ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਜ਼ੋਨ, ਪਟਿਆਲਾ ਪਰਮਜੀਤ ਸਿੰਘ ਦੀ ਅਗਵਾਈ ‘ਚ ਟੀਮ ਗਠਿਤ ਕੀਤੀ ਗਈ ਸੀ | ਇਸ ਟੀਮ ‘ਚ ਨਰੇਸ਼ ਦੂਬੇ ਖੁਦ, ਏ ਸੀ (ਐਕਸ) ਲੁਧਿਆਣਾ ਪੱਛਮੀ ਰੇਂਜ ਡਾ. ਹਰਸਿਮਰਤ ਕੌਰ ਗਰੇਵਾਲ, ਈ ਓ ਅਮਿਤ ਗੋਇਲ ਅਤੇ ਦੀਵਾਨ ਚੰਦ ਸ਼ਾਮਲ ਸਨ, ਜਿਨ੍ਹਾਂ ਈ ਆਈ ਕਰਮਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ, ਰਾਜਨ ਸਹਿਗਲ, ਮਨਦੀਪ ਸਿੰਘ, ਹਰਜਿੰਦਰ ਸਿੰਘ-2, ਆਬਕਾਰੀ ਪੁਲਸ ਅਤੇ ਸਹਿਯੋਗੀ ਸਟਾਫ਼ ਦੇ ਨਾਲ ਸੁੰਘਣ ਵਾਲੇ ਕੁੱਤਿਆਂ ਦੀ ਮੱਦਦ ਨਾਲ ਸ਼ਨੀਵਾਰ ਸਤਲੁਜ ਦਰਿਆ ਦੇ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਕਰੀਬ 25-30 ਕਿਲੋਮੀਟਰ ਦੇ ਏਰੀਏ ‘ਚ ਨਾਜਾਇਜ਼ ਸ਼ਰਾਬ ਨੂੰ ਕੱਢਣ ਤੋਂ ਰੋਕਣ ਲਈ ਪਿੰਡ ਗੋਰਸੀਆਂ, ਕੋਟ ਉਮਰਾ, ਕੁਲ ਗਹਿਣਾ ਅਤੇ ਹੋਰ ਨੇੜਲੇ ਪਿੰਡਾਂ ਹੰਬੜਾਂ ਅਤੇ ਸਿੱਧਵਾਂ ਬੇਟ, ਲੁਧਿਆਣਾ ਨੇੜੇ ਘੋਖ ਪੜਤਾਲ ਕੀਤੀ |





