ਫਿਰੋਜ਼ਪੁਰ : ਜ਼ੀਰਾ ਸ਼ਰਾਬ ਫੈਕਟਰੀ ਮੂਹਰਿਓਾ ਧਰਨਾ ਚੁਕਵਾਉਣ ਲਈ ਪੁਲਸ ਨੇ ਐਤਵਾਰ ਫੈਕਟਰੀ ਤੋਂ ਇਕ ਕਿਲੋਮੀਟਰ ਦੂਰ ਪਿੰਡ ਰਟੌਲ ਰੋਹੀ ਦੇ ਟੀ-ਪੁਆਇੰਟ ‘ਤੇ ਖੜ੍ਹੇ ਪ੍ਰਦਰਸ਼ਨਕਾਰੀਆਂ ਉਪਰ ਲਾਠੀਚਾਰਜ ਕੀਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ | ਇਸ ਪੁਆਇੰਟ ‘ਤੇ ਪੁਲਸ ਨੇ ਕਬਜ਼ਾ ਕਰ ਲਿਆ ਹੈ | ਦੂਜੇ ਪਾਸੇ ਫੈਕਟਰੀ ਦੇ ਬਾਹਰ ਧਰਨਾ ਜਾਰੀ ਸੀ, ਪਰ ਉਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਾਫੀ ਘਟ ਗਈ ਸੀ | ਜਿਹੜੇ ਪ੍ਰਦਰਸ਼ਨਕਾਰੀ ਰਟੌਲ ਰੋਹੀ ਤੋਂ ਖਦੇੜੇ ਗਏ ਸਨ, ਉਨ੍ਹਾਂ ਵਿਚੋਂ ਕੁਝ ਖੇਤਾਂ ਵਿਚੋਂ ਹੋ ਕੇ ਫੈਕਟਰੀ ਦੇ ਬਾਹਰ ਲੱਗੇ ਧਰਨੇ ‘ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ | ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ | ਪ੍ਰਸ਼ਾਸਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੁਆ ਕੇ ਉਥੋਂ ਪੂਰੀ ਮਰਿਆਦਾ ਨਾਲ ਗੁਰੂ ਸਾਹਿਬ ਦਾ ਸਰੂਪ ਗੁਰਦੁਆਰੇ ਭੇਜਣ ਦੀਆਂ ਤਿਆਰੀਆਂ ਵੀ ਵਿੱਢੀਆਂ ਗਈਆਂ ਸਨ | ਇਸ ਲਈ ਐੱਸ ਡੀ ਐੱਮ ਜ਼ੀਰਾ ਨੇ ਪੰਚਾਇਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਬੇਅਦਬੀ ਹੋਣ ਦਾ ਡਰ ਦੱਸ ਕੇ ਚਿੱਠੀ ਲਿਖੀ ਹੈ |
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਵੀ ਕਿਸਾਨ ਜਥੇਬੰਦੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਹੋਣ ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਸਨ | ਆਗੂਆਂ ਨੇ ਸ਼ਨੀਵਾਰ ਚਿਤਾਵਨੀ ਦਿੱਤੀ ਸੀ ਕਿ ਜੇ ਪ੍ਰਸ਼ਾਸਨ ਨੇ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ |
ਫਿਰੋਜ਼ਪੁਰ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾ ਕਿਹਾ ਕਿ ਹਾਈਵੇ ਰੋਕਣ ਦੀ ਕੋਸਿਸ਼ ਕਰ ਰਹੇ ਲੋਕਾਂ ਨੂੰ ਹੀ ਹਟਾਇਆ ਗਿਆ ਹੈ ਤੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ | ਹਾਈ ਕੋਰਟ ਦਾ ਆਦੇਸ਼ ਹੈ ਕਿ ਜ਼ੀਰਾ ਸ਼ਰਾਬ ਫੈਕਟਰੀ ਤੋਂ ਕਰੀਬ 300 ਮੀਟਰ ਦੂਰ ਧਰਨਾ ਲੱਗੇ ਅਤੇ ਫੈਕਟਰੀ ਨੂੰ ਜਾਂਦਾ ਰਸਤਾ ਖੁੱਲ੍ਹਵਾਇਆ ਜਾਵੇ | ਐੱਸ ਐੱਸ ਪੀ ਨੇ ਕਿਹਾ ਕਿ ਸਿਰਫ ਫੈਕਟਰੀ ਨੂੰ ਜਾਂਦਾ ਰਸਤਾ ਹੀ ਖੁੱਲ੍ਹਵਾਇਆ ਗਿਆ ਹੈ, ਜਦੋਂਕਿ 300 ਮੀਟਰ ਦੂਰ ਧਰਨੇ ‘ਤੇ ਕੋਈ ਇਤਰਾਜ਼ ਨਹੀਂ | ਉਨ੍ਹਾ ਇਹ ਵੀ ਕਿਹਾ ਕਿ ਵੀਡੀਓਗ੍ਰਾਫ਼ੀ ਕੀਤੀ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ‘ਚ ਹੈ | 2000 ਪੁਲਸਕਰਮੀ ਤਾਇਨਾਤ ਕੀਤੇ ਗਏ ਹਨ | ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਅਤੇ ਐੱਸ ਐੱਸ ਪੀ ਕੰਵਰਦੀਪ ਕੌਰ ਨੂੰ ਪ੍ਰਦਰਸ਼ਨਕਾਰੀਆਂ ਦੇ ਨਾ ਮੰਨਣ ‘ਤੇ ਮਜਬੂਰਨ ਹਲਕਾ ਲਾਠੀਚਾਰਜ ਕਰਨਾ ਪਿਆ | ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕੁਝ ਚਿਰ ਮਗਰੋਂ ਗਿੱਦੜਪਿੰਡੀ ਟੋਲ ਪਲਾਜ਼ਾ ‘ਤੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਆਗੂਆਂ ਕਿਹਾ ਕਿ ਇਸ ਫੈਕਟਰੀ ਦੀ ਵਜ੍ਹਾ ਕਰਕੇ ਆਸਪਾਸ ਦੇ ਇਲਾਕੇ ਵਿਚ ਪ੍ਰਦੂਸ਼ਣ ਵਧ ਰਿਹਾ ਹੈ, ਜਿਸ ਨਾਲ ਹਵਾ ਤੇ ਪਾਣੀ ਬੁਰੀ ਤਰ੍ਹਾਂ ਨਾਲ ਪ੍ਰਦੂਸ਼ਤ ਹੋ ਚੁੱਕੇ ਹਨ |
ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸਖਤ ਨਿੰਦਾ ਕੀਤੀ ਹੈ | ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 14 ਨਾਮਜ਼ਦ ਆਗੂਆਂ ਸਮੇਤ 100 ਤੋਂ 125 ਅਣਪਛਾਤੇ ਵਿਅਕਤੀਆਂ ਉੱਤੇ ਕੇਸ ਦਰਜ ਕਰਕੇ 60 ਤੋਂ ਵੱਧ ਗਿ੍ਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚ ਔਰਤ ਆਗੂ ਵੀ ਸ਼ਾਮਲ ਹੈ, ਜਦੋਂ ਕਿ ਘਰਾਂ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੀੜਤ ਲੋਕ ਧਰਨੇ ‘ਚ ਡਟੇ ਹੋਏ ਹਨ, ਜਿਨ੍ਹਾਂ ‘ਚ ਜਥੇਬੰਦੀ ਦੇ ਸਥਾਨਕ ਆਗੂ ਵੀ ਸ਼ਾਮਲ ਹਨ | ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਵਿਆਪਕ ਤਿੱਖੇ ਜਨਤਕ ਰੋਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ |





