ਨਵਾਂਸ਼ਹਿਰ (ਮਨੋਜ ਲਾਡੀ)-ਇੱਥੋਂ ਦੇ ਕਾਰੋਬਾਰੀ ਨੂੰ ਫਿਰੌਤੀ ਲੈਣ ਲਈ ਧਮਕੀਆਂ ਭਰੀਆਂ ਕਾਲਾਂ ਕਰਨ ਵਾਲੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ |
ਐੱਸ ਐੱਸ ਪੀ ਭਗੀਰਥ ਸਿੰਘ ਮੀਣਾ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਨਵਾਂਸ਼ਹਿਰ ਸਿਟੀ ਦੇ ਮਸ਼ਹੂਰ ਕਾਰੋਬਾਰੀ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਵੱਖ-ਵੱਖ ਵਰਚੂਅਲ ਨੰਬਰਾਂ ਤੋਂ ਫਿਰੌਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ | ਇਸ ਕੇਸ ਨੂੰ ਸੁਲਝਾਉਣ ਲਈ ਐੱਸ ਪੀ (ਜਾਂਚ) ਡਾ. ਮੁਕੇਸ਼ ਕੁਮਾਰ, ਡੀ ਐੱਸ ਪੀ (ਜਾਂਚ) ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ | ਧਮਕੀਆਂ ਦੇਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਗੁਰਪ੍ਰੀਤ ਸਿੰਘ ਉਰਫ ਪੀਤਾ (32) ਵਾਸੀ ਚਾਹਲਾਂ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਜੇਸ਼ ਕੁਮਾਰ ਉਰਫ ਹੈਪੀ (24) ਵਾਸੀ ਪਿੰਡ ਭੋਲੇਵਾਲ ਥਾਣਾ ਪੋਜੇਵਾਲ ਹਾਲ ਵਾਸੀ ਵਾਰਡ ਨੰ: 02 ਬੈਕਸਾਈਡ ਟਾਹਲੀ ਸਾਹਿਬ ਗੁਰਦੁਆਰਾ ਨਵਾਂਸ਼ਹਿਰ ਅਤੇ ਰਾਕੇਸ਼ ਕੁਮਾਰ ਸਾਊ ਉਰਫ ਰਾਕੇਸ਼ (27) ਨਯਾ ਪੁਰਾ ਬੱਸ ਸਟੈਂਡ ਸੰਜੇ ਕਾਲੋਨੀ ਕੋਟਾ ਥਾਣਾ ਨਿਆਪੁਰਾ, ਤਹਿਸੀਲ ਲਾਡਪੁਰਾ ਜ਼ਿਲ੍ਹਾ ਕੋਟਾ (ਰਾਜਸਥਾਨ) ਨੂੰ ਗਿ੍ਫਤਾਰ ਕਰ ਲਿਆ | ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਮਨੀਲਾ ਵਿੱਚ ਰਹਿ ਰਹੇ ਲਖਤੇਜ ਸਿੰਘ ਉਰਫ ਲੱਕੀ ਜੌਹਲ ਵਾਸੀ ਧੱਲੇਕੇ, ਜ਼ਿਲ੍ਹਾ ਮੋਗਾ ਦੇ ਸੰਪਰਕ ਵਿਚ ਸੀ, ਜਿਸ ਦੇ ਕਹਿਣ ਮੁਤਾਬਕ ਉਸ ਨੇ ਆਪਣੇ ਸਾਥੀ ਹੈਪੀ ਰਾਹੀਂ ਨਵਾਂਸ਼ਹਿਰ ਸਿਟੀ ਦੇ ਕਾਰੋਬਾਰੀ ਦੇ ਟਿਕਾਣੇ ਦੀ ਰੇਕੀ ਕਰਕੇ ਉਸ ਬਾਰੇ ਜਾਣਕਾਰੀ ਮਨੀਲਾ ਵਿਖੇ ਲਖਤੇਜ ਸਿੰਘ ਨੂੰ ਭੇਜੀ |
ਉਸ ਨੇ ਮਨੀਲਾ ਤੋਂ ਹੀ ਵੱਖ-ਵੱਖ ਵਰਚੂਅਲ ਨੰਬਰਾਂ ‘ਤੇ ਉਕਤ ਕਾਰੋਬਾਰੀ ਨੂੰ ਫਿਰੌਤੀ ਲੈਣ ਲਈ ਧਮਕੀਆਂ ਦਿੱਤੀਆਂ | ਹੈਪੀ ਵੱਲੋਂ ਰੇਕੀ ਕਰਨ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ | ਇਸ ਤੋਂ ਇਲਾਵਾ ਇਸ ਕਾਰੋਬਾਰੀ ਨੂੰ ਦੋ ਹੋਰ ਧਮਕੀ ਭਰੀਆਂ ਕਾਲਾਂ ਆਈਆਂ ਸਨ, ਜਿਨ੍ਹਾ ਵਿੱਚੋਂ ਇੱਕ ਕਾਲ ਕੋਟਾ (ਰਾਜਸਥਾਨ) ਤੋਂ ਰਾਕੇਸ਼ ਕੁਮਾਰ ਸਾਊ ਵੱਲੋਂ ਕੀਤੀ ਪਾਈ ਗਈ | ਦੂਸਰੀ ਕਾਲ 12 ਦਸੰਬਰ ਨੂੰ ਅਮਨਦੀਪ ਪੁਰੇਵਾਲ ਵਾਸੀ ਮਾਲੜੀ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਅਮਰੀਕਾ ਵੱਲੋਂ ਕੀਤੇ ਜਾਣ ਦਾ ਸ਼ੱਕ ਹੈ |
ਗੁਰਪ੍ਰੀਤ ਸਿੰਘ ‘ਤੇ ਇਸ ਤੋਂ ਪਹਿਲਾਂ ਵੀ ਥਾਣਾ ਕਾਠਗੜ੍ਹ ਵਿਖੇ 5 ਅਕਤੂਬਰ 2012 ਨੂੰ ਮਾਈਨਿੰਗ ਐਕਟ 21 (1) 4 (1) ਤਹਿਤ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ 7000 ਰੁਪਏ ਦੇ ਜੁਰਮਾਨੇ ਦੀ ਸਜ਼ਾ ਹੋਈ ਸੀ | ਇਸੇ ਤਰ੍ਹਾਂ 11 ਦਸੰਬਰ 2014 ਨੂੰ ਵੀ ਇਸੇ ਥਾਣੇ ਵਿੱਚ ਉਸ ਖਿਲਾਫ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21 ਤਹਿਤ 2 ਗ੍ਰਾਮ ਹੈਰੋਇਨ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੇ ਸਜ਼ਾ ਭੁਗਤੀ |




