ਏਟਕ ਦੀ ਨੈਸ਼ਨਲ ਕਾਨਫਰੰਸ ਸਿਖਰ ‘ਤੇ ਪਹੁੰਚੀ

0
299

ਅੱਲਾ ਪੂਜਾ (ਕੇਰਲ) (ਗਿਆਨ ਸੈਦਪੁਰੀ)
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ 42ਵੀਂ ਨੈਸ਼ਨਲ ਕਾਨਫਰੰਸ ਐਤਵਾਰ ਇੱਥੇ ਗੁਰੂਦਾਸ ਦਾਸਗੁਪਤਾ ਨਗਰ ਵਿੱਚ ਸਿਖਰਲੇ ਪੜਾਅ ‘ਤੇ ਪਹੁੰਚ ਗਈ, ਜੋ 16 ਦਸੰਬਰ ਦੀ ਸ਼ਾਮ ਝੰਡਾ ਅਤੇ ਮਸ਼ਾਲ ਮਾਰਚ ਜਥਾ ਇੱਥੇ ਪਹੁੰਚਣ ‘ਤੇ ਸ਼ੁਰੂ ਹੋਈ ਸੀ | ਸਨਿੱਚਰਵਾਰ ਇੱਥੇ ਬਣੇ ਜੇ ਵੀ ਚਿਤਰਾਜਨ ਹਾਲ ਵਿੱਚ ਉਦਘਾਟਨੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ | ਇਸ ਮੌਕੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕੌਮੀ ਝੰਡਾ ਅਤੇ ਏਟਕ ਦੇ ਪ੍ਰਧਾਨ ਐੱਚ ਮਹਾਂਦੇਵਨ ਨੇ ਏਟਕ ਦਾ ਝੰਡਾ ਲਹਿਰਾਇਆ | ਰਸਮੀ ਉਦਘਾਟਨ ਰਮਿੰਦਰ ਕੁਮਾਰ ਦੇ ਪ੍ਰਧਾਨਗੀ ਭਾਸ਼ਣ ਨਾਲ ਹੋਇਆ | ਇਸ ਮੌਕੇ ਵਿਦੇਸ਼ੀ ਡੈਲੀਗੇਟਾਂ ਨਾਲ ਜਾਣ-ਪਛਾਣ ਵੀ ਕਰਵਾਈ ਗਈ | ਡਬਲਯੂ ਐੱਫ ਟੀ ਯੂ ਦੇ ਜਨਰਲ ਸਕੱਤਰ ਪੰਬਿਸ ਨੇ ਵੀ ਸੰਬੋਧਨ ਕੀਤਾ |
ਉਦਘਾਟਨੀ ਰਸਮਾਂ ਮੌਕੇ ਇੰਟਕ, ਸੀਟੂ ਅਤੇ ਹੋਰ ਨੈਸ਼ਨਲ ਭਰਾਤਰੀ ਜਥੇਬੰਦੀਆਂ ਨੇ ਵਧਾਈ ਸੰਦੇਸ ਦਿੱਤੇ | ਕਾਨਫਰੰਸ ਨੂੰ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ | ਇਸ ਦੌਰਾਨ ਵਿੱਛੜ ਚੁੱਕੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਅਮਰਜੀਤ ਕੌਰ ਨੇ ਵਿਸਥਾਰਤ ਰਿਪੋਰਟ ਪੇਸ਼ ਕੀਤੀ |  ਰਿਪੋਰਟ ‘ਤੇ ਵਿਚਾਰ-ਵਟਾਂਦਰਾ ਐਤਵਾਰ ਨੂੰ ਵੀ ਜਾਰੀ ਰਿਹਾ | ਇਸ ਸਿਲਸਿਲੇ ਵਿੱਚ ਗੋਆ, ਉੱਤਰਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਯੂ ਪੀ ਆਦਿ ਰਾਜਾਂ ਦੇ ਡੈਲੀਗੇਟਾਂ ਨੇ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦਿਆਂ ਕੁਝ ਵਾਧੇ ਦਰਜ ਕਰਵਾਏ |
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪੇਸ਼ ਕੀਤੀ ਗਈ ਰਿਪੋਰਟ ਨਾਲ ਸਹਿਮਤੀ ਦੀ ਮੋਹਰ ਲਾਉਂਦਿਆਂ ਕਿਹਾ ਕਿ ਰਿਪੋਰਟ ਵਿੱਚ ਦੇਸ਼ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ | ਮੋਦੀ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦੇ ਅੰਬਾਰ ਨੂੰ ਹੋਰ ਉੱਚਾ ਕਰਨ ਵਿੱਚ ਲੱਗੀ ਹੋਈ ਹੈ | ਲੁੱਟੇ ਜਾ ਰਹੇ ਲੋਕਾਂ ਨੂੰ ਜਾਤੀਵਾਦ ਅਤੇ ਧਾਰਮਕ ਮਸਲਿਆਂ ਵਿੱਚ ਉਲਝਾਅ ਕੇ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ |
ਉਨ੍ਹਾ ਕਿਹਾ ਕਿ ਅਜਿਹੀਆਂ ਪ੍ਰਸਥਿਤੀਆ ਵਿੱਚ ਏਟਕ ਵੱਲੋਂ ਮਜ਼ਦੂਰ ਜਮਾਤ ਨੂੰ ਸੁਚੇਤ ਕਰਦੇ ਹੋਏ ਸੰਘਰਸ਼ਾਂ ਦੇ ਪਾਂਧੀ ਬਣਾਉਣਾ ਸਮੇਂ ਦੀ ਲੋੜ ਹੈ | ਰਿਪੋਰਟ ਵਿੱਚ ਵਾਧਾ ਕਰਵਾਉਂਦਿਆਂ ਉਹਨਾ ਏਟਕ ਵੱਲੋਂ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ, ਕੇਰਲਾ ਦੇ ਹੜ੍ਹ ਪੀੜਤਾਂ ਲਈ 8 ਲੱਖ ਰੁਪਏ ਰਾਸ਼ੀ ਦੀ ਕੀਤੀ ਸਹਾਇਤਾ ਦਾ ਵੀ ਜ਼ਿਕਰ ਕੀਤਾ |
ਬਾਅਦ ਵਿੱਚ ਪੰਜਾਬ ਏਟਕ ਦੇ ਆਗੂਆਂ ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਸੁਖਦੇਵ ਸ਼ਰਮਾ ਅਤੇ ਅਮਰਜੀਤ ਸਿੰਘ ਆਸਲ ਨੇ ਇਕੱਤਰ ਡੇਢ ਲੱਖ ਰੁਪਏ ਦਾ ਚੈੱਕ ਕੁਲ ਹਿੰਦ ਏਟਕ ਦੇ ਆਗੂਆਂ ਨੂੰ ਭੇਟ ਕੀਤਾ |
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਕਿਸਾਨੀ, ਉਦਯੋਗਿਕ ਖੇਤਰ ਦੇ ਮਜ਼ਦੂਰਾਂ ਅਤੇ ਭੂਮੀਹੀਣ ਖੇਤ ਮਜ਼ਦੂਰਾਂ ਦੀ ਆਪਸੀ ਸਮਝ ਅਤੇ ਸਾਂਝ ਬੇਹੱਦ ਜ਼ਰੂਰੀ ਹੈ |
ਉਨ੍ਹਾ ਕਿਹਾ ਕਿ ਏਟਕ ਭਾਰਤੀ ਮਜ਼ਦੂਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਅ ਰਹੀ ਹੈ | ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਮਹੇਸਰੀ ਨੇ ਇਨਕਲਾਬੀ ਵਧਾਈ ਦਿੱਤੀ ਅਤੇ ਕਾਨਫਰੰਸ ਦੀ ਸਫਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਏਟਕ ਮੁਲਕ ਦੀ ਸਭ ਤੋਂ ਵੱਡੀ ਜਥੇਬੰਦੀ ਹੈ | ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਆਗੂ ਤਿ੍ਮਲਈ ਨੇ ਕਿਹਾ ਕਿ ਫੈਡਰੇਸ਼ਨ ਅਤੇ ਏਟਕ ਦਾ ਰਿਸ਼ਤਾ ਮਾਪਿਆਂ ਅਤੇ ਔਲਾਦ ਵਾਲਾ ਹੈ | ਇਸ ਦੌਰਾਨ ਸੀਰੀਆ, ਸਾਈਪਰਸ, ਪੁਰਤਗਾਲ, ਸ੍ਰੀਲੰਕਾ, ਕਜ਼ਾਕਿਸਤਾਨ ਆਦਿ ਦੇਸ਼ਾਂ ਦੇ ਡੈਲੀਗੇਟਾਂ ਨੇ ਏਟਕ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਾਂ ਪੇਸ਼ ਕੀਤੀਆਂ | ਵੀਅਤਨਾਮ, ਯੂ ਐੱਸ ਏ, ਜਪਾਨ, ਬੰਗਲਾਦੇਸ਼, ਘਾਨਾ ਅਤੇ ਇੰਡੋਨੇਸ਼ੀਆ ਦੀਆਂ ਟਰੇਡ ਯੂਨੀਅਨਾਂ ਵੱਲੋਂ ਆਏ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ |
ਅਮਰਜੀਤ ਕੌਰ ਨੇ ਮੰਚ ਤੋਂ ਦੱਸਿਆ ਕਿ ਇਰਾਕ, ਬੰਗਲਾਦੇਸ਼, ਚੀਨ ਅਤੇ ਬਹਿਰੀਨ ਦੇ ਡੈਲੀਗੇਟਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਗਿਆ | ਈਰਾਨੀ ਡੈਲੀਗੇਟ 14 ਦਸੰਬਰ ਨੂੰ ਹੀ ਭਾਰਤ ਪਹੁੰਚ ਗਏ ਸਨ, ਪਰ ਉਨ੍ਹਾਂ ਨੂੰ ਕਾਨਫਰੰਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਕਾਨਫਰੰਸ ਹਾਲ ਵਿੱਚ ਇਸ ਕਾਰਵਾਈ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ |
ਕਾਨਫਰੰਸ ਦੌਰਾਨ ਖੂਬਸੂਰਤ ਮਹਿਮਾਨ-ਨਿਵਾਜੀ ਲਈ ਵਿਦੇਸ਼ੀ ਡੈਲੀਗੇਟਾਂ ਨੇ ਪ੍ਰਬੰਧਕਾਂ ਨੂੰ ਯਾਦ ਨਿਸ਼ਾਨੀਆਂ ਭੇਟ ਕਰਕੇ ਸਨਮਾਨਤ ਕੀਤਾ | ਇਹ ਸਨਮਾਨ ਅਮਰਜੀਤ ਕੌਰ ਅਤੇ ਕਾਮਰੇਡ ਮਹਾਂਦੇਵਨ ਨੇ ਪ੍ਰਾਪਤ ਕੀਤਾ |

LEAVE A REPLY

Please enter your comment!
Please enter your name here