ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ)
ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਸੋਮਵਾਰ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਮਹਿੰਦਰ ਸਿੰਘ ਧੂੜਕੋਟ, ਸਤਵੰਤ ਸਿੰਘ ਖੋਟੇ, ਰੁਲਦੂ ਸਿੰਘ ਗਾਜੀਆਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਕਾਮਰੇਡ ਜਗਰੂਪ (ਕੌਮੀ ਕੌਂਸਲ ਮੈਂਬਰ), ਸੁਖਜਿੰਦਰ ਮਹੇਸਰੀ (ਕੌਮੀ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ), ਕੁਲਦੀਪ ਭੋਲ਼ਾ (ਜ਼ਿਲ੍ਹਾ ਸਕੱਤਰ ਸੀ ਪੀ ਆਈ) ਪਹੁੰਚੇ | ਇਸ ਮੌਕੇ ਕਾਮਰੇਡ ਜਗਰੂਪ ਨੇ ਬੋਲਦਿਆਂ ਕਿਹਾ ਕਿ ਅੱਜ ਇੱਕ ਵੱਡੇ ਬਦਲ ਤੋਂ ਬਾਅਦ ਵੀ ਪੰਜਾਬ ਦੀਆਂ ਹਾਲਤਾਂ ਬਦ ਤੋਂ ਬਦਤਰ ਹੋ ਰਹੀਆਂ ਹਨ | ਹਰ ਉਹ ਵਰਗ ਜੋ ਆਪਣੀ ਕਿਰਤ ਨਾਲ ਦੇਸ਼ ਨੂੰ ਅੱਗੇ ਤੋਰਨ ਦਾ ਕੰਮ ਕਰ ਰਿਹਾ ਸੀ, ਅੱਜ ਪੈਸਾ ਉਹਨਾਂ ਦੇ ਹੱਥਾਂ ਵਿਚੋਂ ਖੁਸ ਗਿਆ ਹੈ, ਜਿਸ ਨਾਲ ਬਾਜ਼ਾਰ ਵਿੱਚ ਚੱਲਣ ਵਾਲਾ ਪੈਸਾ ਇੱਕ ਜਗ੍ਹਾ ਵੱਡੇ ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ | ਪੈਸੇ ਦਾ ਸਰਕਲ ਰੁਕਣ ਨਾਲ ਛੋਟੇ ਕਾਰੋਬਾਰ ਵੀ ਤਬਾਹੀ ਦੀ ਸਿਖਰ ‘ਤੇ ਹਨ | ਇਸ ਕਾਣੀਵੰਡ ਕਾਰਨ ਗਰੀਬੀ ਦਰ ਲਗਾਤਾਰ ਵਧ ਰਹੀ ਹੈ | ਉਹਨਾ ਕਿਹਾ ਕਿ ਜਿੱਥੇ ਅੱਜ ਲੋਕਾਂ ਨੂੰ ਰੁਜ਼ਗਾਰ ਤੋਂ ਬਾਹਰ ਕੀਤਾ ਜਾ ਰਿਹਾ ਹੈ, ਓਥੇ ਸਮਾਜ ਨੂੰ ਵੱਖ-ਵੱਖ ਧਰਮਾਂ, ਜਾਤਾਂ ਦੇ ਨਾਂਅ ਵੰਡਣ ਵਾਲੇ ਲੋਕ ਵੀ ਆਪਣਾ ਸਿਰ ਚੁੱਕ ਰਹੇ ਹਨ | ਮੌਜੂਦਾ ਸਰਕਾਰ ਹਰ ਤਰਾਂ ਦੀ ਵਿਉਂਤਬੰਦੀ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ | ਉਹਨਾ ਕਿਹਾ ਕਿ ਸਾਨੂੰ ਗੁਰੂ ਬਾਬਾ ਨਾਨਕ ਦੇ ਕਿਰਤ ਦੇ ਸਿਧਾਂਤ ‘ਤੇ ਲੜਦਿਆਂ ਸਾਂਝੀਵਾਲਤਾ ਦੇ ਸਮਾਜ ਵੱਲ ਵਧਣਾ ਚਾਹੀਦਾ ਹੈ | ਨੌਜਵਾਨ ਆਗੂ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਅੱਜ ਸਿਰਫ਼ ਪੰਜਾਬ ‘ਚ ਹੀ ਨਹੀਂ, ਬਲਕਿ ਪੂਰੇ ਦੇਸ਼ ਵਿੱਚ ਜਵਾਨੀ ਨੂੰ ਕੰਮ ਤੋਂ ਬਾਹਰ ਰੱਖਣ ਦੀਆਂ ਨੀਤੀਆਂ ਲਗਾਤਾਰ ਸਰਕਾਰਾਂ ਬਣਾ ਰਹੀਆਂ ਹਨ |
ਜਵਾਨੀ ਨੂੰ ਰੁਜ਼ਗਾਰ ਦੀ ਭਾਲ ਲਈ ਮਜਬੂਰਨ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵੱਲ ਜਾਣਾ ਪੈ ਰਿਹਾ ਹੈ | ਸਰਕਾਰਾਂ ਨਵੇਂ ਕੰਮ ਪੈਦਾ ਕਰਨ ਦੀ ਬਜਾਏ ਕੰਮ ਦੇ ਘੰਟੇ ਵਧਾਉਣ ਅਤੇ ਬਾਹਰੀ ਪ੍ਰਾਈਵੇਟ ਕੰਪਨੀਆਂ ਦੇ ਇਥੇ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਹਨ, ਜਦੋਂ ਕਿ ਸਾਡੀ ਲੜਾਈ ਇਹ ਹੈ ਕਿ ਇੱਥੇ ਹੀ ਸਰਕਾਰੀ ਸੈਕਟਰ ਉਸਾਰ ਕੇ ਹਰ ਇੱਕ ਨੂੰ ਉਸ ਦੀ ਯੋਗਤਾ ਮੁਤਾਬਕ ਕੰਮ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਲੋਕਾਂ ਨੂੰ ਕੰਮ ਦਿੱਤਾ ਜਾਵੇ |
ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਵਿੱਚ ਰਾਜ ਕਰਨ ਵਾਲੀਆਂ ਧਿਰਾਂ ਨੇ ਸਾਡੇ ਲੋਕਾਂ ਨੂੰ ਝੂਠ ਬੋਲ ਕੇ ਆਪਣਾ ਰਾਜ ਸਥਾਪਤ ਕੀਤਾ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਰਹੀਆਂ ਹਨ | ਪੰਜਾਬ ਸਰਕਾਰ ਏਥੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਦਿੱਲੀ ਦੇ ਇਸ਼ਾਰਿਆਂ ‘ਤੇ ਨੱਚ ਰਹੀ ਹੈ |
ਜਿੱਥੇ ਇਹ ਸਰਕਾਰ ਸਾਡਾ ਸੂਬਾ ਆਰਥਕ ਤੌਰ ‘ਤੇ ਕਮਜ਼ੋਰ ਕਰ ਰਹੀ ਹੈ, ਉਥੇ ਹਰ ਤਰ੍ਹਾਂ ਦੀ ਭਾਈਚਾਰਕ ਸਾਂਝ ਵੀ ਤੋੜਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ | ਪੰਜਾਬ ਦੇ ਢਾਂਚੇ ਨੂੰ ਚਲਾਉਣ ਵਿੱਚ ਇਹ ਖਾਸ ਲੋਕਾਂ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਉਹਨਾ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਹਰ ਵਾਰ ਮੇਲਾ ਮਾਘੀ ‘ਤੇ ਤਖਤੂਪੁਰਾ ਵਿਖੇ ਰਾਜਸੀ ਕਾਨਫਰੰਸ ਕਰਦੀ ਹੈ, ਇਸ ਵਾਰ ਵੀ ਪਾਰਟੀ ਇਹ ਕਾਨਫਰੰਸ ਕਰੇਗੀ ਤੇ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ‘ਤੇ ਵਿਚਾਰਾਂ ਕਰੇਗੀ | ਅਸੀਂ ਹਰੇਕ ਉਸ ਨੂੰ ਜਿਸ ਦਾ ਸਮਾਜ ਦੀ ਬੇਹਤਰੀ ਲਈ ਖੂਨ ਖੌਲਦਾ ਹੈ, ਨੂੰ ਬੇਨਤੀ ਕਰਦੇ ਹਾਂ ਕਿ ਇਸ ਕਾਨਫਰੰਸ ਦੇ ਦੋਵੇਂ ਦਿਨ ਜ਼ਰੂਰ ਹਾਜ਼ਰੀ ਭਰੀ ਜਾਵੇ |
ਇਸ ਮੌਕੇ ਜਗਜੀਤ ਸਿੰਘ (ਸੈਕਟਰੀ), ਬਲਰਾਜ ਬੱਧਨੀ, ਗੁਰਦਿੱਤ ਦੀਨਾ, ਸਿਕੰਦਰ ਮਧੇਕੇ, ਰਾਜਵਿੰਦਰ ਕੌਰ ਬਿਲਾਸਪੁਰ (ਬਲਾਕ ਸੰਮਤੀ ਮੈਂਬਰ), ਕੇਵਲ ਰਾਊਕੇ, ਜਸਵਿੰਦਰ ਕੌਰ ਬਿਲਾਸਪੁਰ, ਮਲਕੀਤ ਦਿਦਾਰੇ ਵਾਲਾ, ਮਿੱਠੂ ਸੈਦੋਕੇ, ਮੁਕੰਦ ਕੁੱਸਾ, ਇਕੱਤਰ ਨੰਗਲ, ਜਗਸੀਰ ਧੂੜਕੋਟ, ਲਸ਼ਮਣ ਸੈਦੋਕੇ, ਮਹਿੰਦਰ ਤਖਤੂਪੁਰਾ, ਲਾਭ ਸਿੰਘ ਦੀਨਾ, ਜੋਰਾ ਸਿੰਘ ਧੂੜਕੋਟ, ਰਜਿੰਦਰ ਸਿੰਘ ਤਖਤੂਪੁਰਾ, ਗੋਪਾਲ ਬੁਰਜ ਦੁਨਾ ਤੇ ਹੋਰ ਅਨੇਕਾਂ ਸਾਥੀ ਹਾਜ਼ਰ ਸਨ |





