ਚੰਡੀਗੜ੍ਹ (ਗੁਰਜੀਤ ਬਿੱਲਾ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਮਵਾਰ ਸੂਬੇ ਭਰ ‘ਚ ਰੇਤ, ਬੱਜਰੀ ਦੀ ਸਰਕਾਰੀ ਵਿਕਰੀ ਸ਼ੁਰੂ ਕਰਵਾ ਦਿੱਤੀ | ਉਨ੍ਹਾ ਕਿਹਾ ਕਿ ਪੰਜਾਬ ਦੇ ਅੰਦਰ 90 ਪ੍ਰਤੀਸ਼ਤ ਨਜਾਇਜ਼ ਮਾਈਨਿੰਗ ਬੰਦ ਹੋ ਗਈ ਹੈ |
ਨਿਊ ਚੰਡੀਗੜ੍ਹ ਦੇ ਈਕੋ ਸਿਟੀ-2 ਵਿਖੇ 2 ਲੱਖ ਮੀਟਿ੍ਕ ਟਨ ਸਮਰੱਥਾ ਵਾਲੇ ਰੇਤ ਅਤੇ ਬੱਜਰੀ ਦੇ ਪਹਿਲੇ ਸਰਕਾਰੀ ਵਿਕਰੀ ਕੇਂਦਰ ਦਾ ਉਦਘਾਟਨ ਕਰਨ ਵੇਲੇ ਬੈਂਸ ਨੇ ਕਿਹਾ ਕਿ ਰੇਤ ਅਤੇ ਬੱਜਰੀ ਦੀ ਕੀਮਤ 28 ਰੁਪਏ ਪ੍ਰਤੀ ਘਣ ਫੁੱਟ ਰੱਖੀ ਗਈ ਹੈ | ਸਾਰੇ ਜ਼ਿਲਿ੍ਹਆਂ ‘ਚ ਜਲਦ ਹੀ ਅਜਿਹਾ ਇੱਕ ਵਿਕਰੀ ਕੇਂਦਰ ਖੋਲਿ੍ਹਆ ਜਾਵੇਗਾ | ਉਨ੍ਹਾ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਮਾਈਨਿੰਗ ਦਾ ਕੰਮ ਆਪਣੇ ਹੱਥਾਂ ‘ਚ ਲਿਆ ਹੈ, ਮਾਈਨਿੰਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਨੂੰ ਜੇਲ੍ਹਾਂ ‘ਚ ਡੱਕ ਦਿੱਤਾ ਗਿਆ ਹੈ | ਉਨ੍ਹਾ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਨਵੰਬਰ ਨੂੰ ਸੂਬੇ ‘ਚ ਸਾਰੀਆਂ ਮਾਈਨਿੰਗ ਸਰਗਰਮੀਆਂ ‘ਤੇ ਪਾਬੰਦੀ ਲਾ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰੇਤ ਅਤੇ ਬੱਜਰੀ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਧਿਆਨ ‘ਚ ਰੱਖਦਿਆਂ ਸੂਬੇ ਤੋਂ ਬਾਹਰੋਂ ਇਸ ਦਾ ਪ੍ਰਬੰਧ ਕੀਤਾ ਹੈ ਅਤੇ ਹੁਣ ਤੱਕ ਲੋਕਾਂ ਨੂੰ 90000 ਮੀਟਿ੍ਕ ਟਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ | ਹਾਈ ਕੋਰਟ ਤੋਂ ਰਾਹਤ ਮਿਲਣ ਉਪਰੰਤ ਕੀਮਤ 15 ਜਾਂ 16 ਰੁਪਏ ਪ੍ਰਤੀ ਘਣ ਫੁੱਟ ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ | ਇਸ ਮੌਕੇ ਉਨ੍ਹਾ ਨਾਲ ਪਿ੍ੰਸੀਪਲ ਸੈਕਟਰੀ ਖਣਨ ਅਤੇ ਭੂ-ਵਿਗਿਆਨ ਕਿ੍ਸ਼ਨ ਕੁਮਾਰ ਵੀ ਮੌਜੂਦ ਸਨ |



