ਅਣਖੀ ਦੀ 31ਵੀਂ ਬਰਸੀ ‘ਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ

0
344

ਪਟਿਆਲਾ : ਕਾਮਰੇਡ ਭਗਵਾਨ ਸਿੰਘ ਅਣਖੀ ਸਾਬਕਾ ਪ੍ਰਧਾਨ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੀ 31ਵੀਂ ਬਰਸੀ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਈ ਗਈ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਬਿਜਲੀ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਬੱਸਾਂ ਤੇ ਗੱਡੀਆਂ ਰਾਹੀਂ ਧੁੰਦ ਤੇ ਖਰਾਬ ਮੌਸਮ ਦੇ ਬਾਵਜੂਦ ਸਾਥੀ ਅਣਖੀ, ਵਿਛੜੇ ਸੂਬਾਈ ਆਗੂਆਂ, ਸਰਕਲ ਆਗੂਆਂ ਅਤੇ ਡਿਊਟੀ ਦੌਰਾਨ ਸਦਾ ਲਈ ਵਿਛੜੇ ਬਿਜਲੀ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ | ਜਥੇਬੰਦੀ ਦੇ ਵਰਕਰਾਂ ਵੱਲੋਂ ਸ਼ਹਿਰ, ਅਣਖੀ ਭਵਨ ਅਤੇ ਫੈਕਟਰੀ ਏਰੀਆ ਦੇ ਇਲਾਕੇ ਨੂੰ ਝੰਡੀਆਂ ਤੇ ਮਾਟੋਆਂ ਨਾਲ ਸਜਾਇਆ ਗਿਆ | ਸ਼ਰਧਾਂਜਲੀ ਸਮਾਗਮ ਬਲਵਿੰਦਰ ਸਿੰਘ ਸੰਧੂ, ਨਛੱਤਰ ਸਿੰਘ ਰਣੀਆ, ਗੁਰਦਿੱਤ ਸਿੰਘ ਸੰਧੂ, ਸੁਖਦੇਵ ਸਿੰਘ ਬੱਗੀ ਪਤਨੀ ਤੇ ਰਾਮ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਲਾਲ ਝੰਡਾ ਲਹਿਰਾਉਣ ਦੀ ਰਸਮ ਬਲਵਿੰਦਰ ਸਿੰਘ ਸੰਧੂ ਨੇ ਅਦਾ ਕੀਤੀ | ਸਾਥੀ ਭਗਵਾਨ ਸਿੰਘ ਅਣਖੀ ਦੀ ਫੋਟੋ ਤੋਂ ਪਰਦਾ ਉਠਾਉਣ ਉਪਰੰਤ ਵਿਛੜੇ ਆਗੂ ਸਾਥੀ ਅਣਖੀ ਸਮੇਤ ਸੂਬਾਈ ਸਰਕਲ ਆਗੂਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ |
ਸਮਾਗਮ ਦਾ ਉਦਘਾਟਨ ਕਰਦਿਆਂ ਕਰਮਚੰਦ ਭਾਰਦਵਾਜ ਨੇ ਵਿਛੜੇ ਸਾਥੀ ਭਗਵਾਨ ਸਿੰਘ ਅਣਖੀ, ਸੂਬਾਈ ਆਗੂਆਂ ਤੇ ਕਾਮਿਆਂ ਨੂੰ ਸਾਥੀ ਅਣਖੀ ਤੇ ਦੂਜੇ ਸਾਥੀਆਂ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦੇਣ ਅਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ | ਉਨ੍ਹਾ ਕਿਹਾ ਕਿ ਸਾਥੀ ਅਣਖੀ ਮਿਹਨਤੀ ਲੋਕਾਂ ਦੇ ਮਸੀਹਾ, ਲੋਕ ਹਿੱਤਾਂ ਨੂੰ ਪਰਨਾਏ ਅਣਖੀਲੇ ਤੇ ਮਿਹਨਤੀ ਆਗੂ ਸਨ, ਜਿਹਨਾਂ ਮੁਲਾਜ਼ਮ, ਮਜ਼ਦੂਰ ਹਿੱਤਾਂ ਲਈ ਡਟ ਕੇ ਪਹਿਰਾ ਦਿੱਤਾ | ਮੁਲਾਜ਼ਮਾਂ ਦੀਆਂ ਬੁਨਿਆਦੀ ਮੰਗਾਂ ਦੀ ਸੰਘਰਸ਼ਾਂ ਰਾਹੀਂ ਪ੍ਰਾਪਤੀ ਕੀਤੀ | ਉਹਨਾ ਦੇ ਵਿਛੋੜੇ ਨਾਲ ਮਜ਼ਦੂਰ ਜਮਾਤ ਨੂੰ ਵੱਡਾ ਘਾਟਾ ਪਿਆ ਹੈ | ਪੰਜਾਬ ਅਤੇ ਕੇਂਦਰ ਸਰਕਾਰ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਕੇ ਮੁਲਾਜ਼ਮ ਮਸਲੇ ਲਗਾਤਾਰ ਲਟਕਾ ਰਹੀ ਹੈ | ਪਬਲਿਕ ਸੈਕਟਰ ਦਾ ਨਿਜੀਕਰਨ ਕਰਕੇ ਰੇਲਵੇ, ਬੀਮਾ, ਸੜਕਾਂ, ਪੋਸਟ ਅਤੇ ਟੈਲੀਗ੍ਰਾਫ ਅਤੇ ਹਵਾਈ ਜਹਾਜ਼ ਆਦਿ ਨਿੱਜੀ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ | ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਵਧ ਰਹੀ ਹੈ | ਪਾਵਰਕਾਮ ਤੇ ਟਰਾਂਸਕੋ ਮੈਨੇਜਮੈਂਟ ਜਥੇਬੰਦੀਆਂ ਨਾਲ ਕੀਤੇ ਸਮਝੌਤੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ |
ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਸੀ ਪੀ ਆਈ ਅਤੇ ਕੁੱਲ ਹਿੰਦ ਕਿਸਾਨ ਸਭਾ ਆਗੂ ਨੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੂਬਾਈ ਆਗੂਆਂ ਤੋਂ ਸੇਧ ਲੈਂਦਿਆਂ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ | ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਦਾ ਜਿਕਰ ਕਰਦਿਆਂ ਉਨ੍ਹਾ ਕਿਹਾ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਕੀਤੇ ਫੈਸਲੇ ਲਾਗੂ ਨਹੀਂ ਕਰ ਰਹੀ | ਕਿਸਾਨਾਂ ਨੂੰ ਐੱਮ ਐੱਸ ਪੀ ਦੇਣ ਤੋਂ ਇਨਕਾਰੀ ਹੈ | ਬਿਜਲੀ ਸੋਧ ਬਿੱਲ 2022 ਕਿਸਾਨ ਜਥੇਬੰਦੀਆਂ ਨਾਲ ਕੀਤੇ ਫੈਸਲੇ ਅਨੁਸਾਰ ਵਾਪਸ ਨਹੀਂ ਲੈ ਰਹੀ | ਕਿਸਾਨਾਂ ਨੂੰ ਉਪਜ ਦਾ ਸਹੀ ਭਾਅ ਨਾ ਮਿਲਣ ਕਾਰਨ ਉਹ ਖੁਦਕੁਸ਼ੀਆਂ ਲਈ ਮਜਬੂਰ ਹਨ | ਮਹਿੰਗਾਈ ਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ | ਖੇਤ ਮਜ਼ਦੂਰਾਂ ਦੇ ਸੰਘਰਸ਼ ਉਪਰੰਤ ਮੰਨੀਆਂ ਮੰਗਾਂ ਨੂੰ ਪੰਜਾਬ ਸਰਕਾਰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ |
ਪਾਵਰਕਾਮ ਤੇ ਟਰਾਂਸਕੋ ਵਿੱਚ ਬਿਜਲੀ ਵੰਡ ਸਿਸਟਮ ਪ੍ਰਾਈਵੇਟ ਅਦਾਰਿਆਂ, ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਨੂੰ ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਦਿਸ਼ਾਂ ਨਿਰਦੇਸ਼ ਦੇ ਰਹੀ ਹੈ | ਸਮਾਗਮ ਸਮੇਂ ਮੁਲਾਜ਼ਮ ਮੰਗਾਂ, ਬਿਜਲੀ ਸੋਧ ਬਿੱਲ 2022, ਮਹਿੰਗਾਈ, ਬੇਰੁਜ਼ਗਾਰੀ ਵਿਰੁੱਧ ਮਤੇ ਪਾਸ ਕੀਤੇ ਗਏ |
ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੌਲਵੀਵਾਲਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਜਗਤਾਰ ਸਿੰਘ ਫਤਿਹਮਾਜਰੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਅਮਰਜੀਤ ਸਿੰਘ ਸੱਗਲ ਸੀ ਪੀ ਆਈ ਹੁਸ਼ਿਆਰਪੁਰ, ਗੁਰਦਿੱਤ ਸਿੰਘ ਸਿੱਧੂ, ਸਿਕੰਦਰ ਨਾਥ, ਸੁਖਦੇਵ ਸਿੰਘ ਬੱਗੀ ਪਤਨੀ, ਰਾਮ ਸਿੰਘ ਸੈਣੀ, ਨਛੱਤਰ ਸਿੰਘ ਰਣੀਆ, ਹਰੀ ਦੱਤ ਪਾਠਕ, ਪਿਆਰਾ ਲਾਲ, ਕੁਲਵਿੰਦਰ ਸਿੰਘ, ਗੋਬਿੰਦ ਕਾਂਤ ਝਾਅ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਸਮਾਗਮ ਦੌਰਾਨ ‘ਨਵਾਂ ਜ਼ਮਾਨਾ’ ਦਾ ਸਪਲੀਮੈਂਟ ਅਤੇ ਬਟੂਏ ਰਿਲੀਜ਼ ਕੀਤੇ ਗਏ | ਸਾਥੀ ਅਣਖੀ ਦੇ ਪਰਵਾਰ ਨੂੰ ਸਨਮਾਨਤ ਕੀਤਾ ਗਿਆ | ਪਿਛਲੇ ਦਿਨੀਂ ਵਿਛੜੇ ਸਰਕਲ ਆਗੂ ਸੁਰਜੀਤ ਪਾਲ ਦੇ ਪਰਵਾਰ ਨੂੰ ਵੀ ਸਨਮਾਨਤ ਕੀਤਾ ਗਿਆ | ਸਾਥੀਆਂ ਲਈ ਲੰਗਰ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ | ਸਮਾਗਮ ਦੇ ਅਖੀਰ ਵਿੱਚ ਨਛੱਤਰ ਸਿੰਘ ਰਣੀਆ ਸੀਨੀਅਰ ਮੀਤ ਪ੍ਰਧਾਨ ਨੇ ਸਮਾਗਮ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ | ਸਟੇਟ ਕਮੇਟੀ ਵੱਲੋਂ ਪਟਿਆਲਾ ਸਰਕਲ ਦੇ ਸਾਥੀਆਂ ਵਿਸ਼ਵਾਨਾਥ, ਦਰਸ਼ਨ ਮਸੀਹ, ਕੁਲਵਿੰਦਰ ਸਿੰਘ, ਸਟੇਟ ਆਗੂ ਲੱਲੂ ਰਾਮ, ਠਾਕੁਰਪ੍ਰੀਤ ਆਦਿ ਸਾਥੀਆਂ ਦਾ ਵਧੀਆ ਪ੍ਰਬੰਧ ਲਈ ਧੰਨਵਾਦ ਕੀਤਾ | ਸਟੇਜ ਸਕੱਤਰ ਦਾ ਸੰਚਾਲਨ ਗੋਬਿੰਦ ਕਾਂਤ ਝਾਂਅ ਅਤੇ ਸਿਕੰਦਰ ਨਾਥ ਜਨਰਲ ਸਕੱਤਰ ਨੇ ਬਾਖੂਬੀ ਕੀਤਾ |

LEAVE A REPLY

Please enter your comment!
Please enter your name here