ਰਾਘਵ ਚੱਢਾ ਨੇ ਚੀਨ ਦੇ ਮਸਲੇ ‘ਤੇ ਘੇਰੀ ਸਰਕਾਰ

0
313

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਚੀਨ ਦੇ ਮਸਲੇ ਨੂੰ ਲੈ ਕੇ ਸੰਸਦ ਵਿੱਚ ਭਾਜਪਾ ਸਰਕਾਰ ਨੂੰ ਘੇਰਿਆ | ਉਨ੍ਹਾ ਵੱਲੋਂ ਚੀਨੀ ਫੌਜ ਵੱਲੋਂ ਭਾਰਤੀ ਸਰਹੱਦ ‘ਤੇ ਕੀਤੀ ਜਾਂਦੀ ਲਗਾਤਾਰ ਘੁਸਪੈਠ ਤੋਂ ਲੈ ਕੇ ਏਮਜ਼ ‘ਚੋਂ ਹੋਈ ਡਾਟਾ ਚੋਰੀ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ |
ਚੱਢਾ ਨੇ ਮੰਗਲਵਾਰ ਸੰਸਦ ਵਿੱਚ ਕਿਹਾ ਕਿ ਕੁਝ ਹੀ ਦਿਨ ਪਹਿਲਾਂ ਏਮਜ ਵਿੱਚ ਇੱਕ ਬਹੁਤ ਵੱਡੀ ਡਾਟਾ ਚੋਰੀ ਦੀ ਘਟਨਾ ਹੋਈ, ਜਿੱਥੇ ਵੱਡੇ ਨੇਤਾਵਾਂ, ਜੱਜਾਂ, ਅਫਸਰਾਂ ਸਮੇਤ ਬਹੁਤ ਸਾਰੇ ਲੋਕਾਂ ਦੇ ਹੈੱਲਥ ਰਿਕਾਰਡ ਹਨ | ਇਸ ਮਾਮਲੇ ਦੀ ਐੱਫ ਆਈ ਆਰ ਵਿੱਚ ਦੱਸਿਆ ਗਿਆ ਕਿ ਇਹ ਡਾਟਾ ਬਰੀਚ (ਉਲੰਘਣਾ) ਚੀਨ ਦੁਆਰਾ ਕੀਤੀ ਗਈ | ਉਨ੍ਹਾ ਕਿਹਾ ਕਿ ਅਸੀਂ ਆਏ ਦਿਨ ਗਲਵਾਨ ਤੋਂ ਲੈ ਕੇ ਤਵਾਂਗ ਤੱਕ ਚੀਨ ਦਾ ਦੁਸਾਹਸ ਦੇਖ ਚੁੱਕੇ ਹਾਂ | ਉਨ੍ਹਾ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਸਰਕਾਰ ਨੂੰ ਇੱਕ ਬਹੁਤ ਹੀ ਜਾਇਜ਼ ਸਲਾਹ ਦਿੱਤੀ ਸੀ ਕਿ ਭਾਰਤ ਨੂੰ ਚੀਨ ਨਾਲ ਆਪਣਾ ਸਾਰਾ ਵਪਾਰ ਬੰਦ ਕਰਕੇ ਉਨ੍ਹਾਂ ਨੂੰ ਆਰਥਕ ਚੋਟ ਦੇਣੀ ਚਾਹੀਦੀ ਹੈ | ਉਹਨਾ ਸਦਨ ਰਾਹੀਂ ਸਵਾਲ ਕੀਤਾ ਕਿ ਭਾਰਤ ਸਰਕਾਰ ਇਸ ‘ਤੇ ਕੀ ਕਰ ਰਹੀ ਹੈ | ਸਦਨ ਵਿੱਚ ਆਪਣਾ ਸਵਾਲ ਪੂਰਾ ਨਾ ਕਰਨ ਦੇ ਵਿਰੋਧ ‘ਚ ਚੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਪਾਰਲੀਮੈਂਟ ਵਿੱਚ ਅਰਵਿੰਦ ਕੇਜਰੀਵਾਲ ਦੀ ਜਾਇਜ਼ ਮੰਗ ਰੱਖਣ ‘ਤੇ ਉਨ੍ਹਾ ਦਾ ਮਾਈਕ ਬੰਦ ਕਿਉਂ ਕੀਤਾ ਗਿਆ? ਉਨ੍ਹਾ ਕਿਹਾ ਕਿ ਭਾਰਤੀ ਫੌਜ ਹਰ ਵਾਰ ਮਜ਼ਬੂਤੀ ਨਾਲ ਸਰਹੱਦ ਤੋਂ ਚੀਨੀ ਫੌਜ ਨੂੰ ਖਦੇੜ ਦਿੰਦੀ ਹੈ ਅਤੇ ਇਹ ਸਹੀ ਸਮਾਂ ਹੈ ਕਿ ਚੀਨ ਨਾਲ ਵਪਾਰ ਬੰਦ ਕਰਕੇ ਉਸ ਨੂੰ ਆਰਥਕ ਪੱਖੋਂ ਵੀ ਝਟਕਾ ਦਿੱਤਾ ਜਾਵੇ |

LEAVE A REPLY

Please enter your comment!
Please enter your name here