ਨਵੀਂ ਦਿੱਲੀ : ਰਾਜ ਸਭਾ ‘ਚ ਸਦਨ ਦੇ ਨੇਤਾ ਪੀਯੂਸ਼ ਗੋਇਲ ਨੇ ਮੰਗਲਵਾਰ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ‘ਤੇ ਗਲਤ ਭਾਸ਼ਣ ਦੇਣ ਅਤੇ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾ ਨੂੰ ਮੁਆਫੀ ਮੰਗਣ ਲਈ ਕਿਹਾ | ਹੋਰਨਾਂ ਭਾਜਪਾ ਮੈਂਬਰਾਂ ਨੇ ਵੀ ਮੁਆਫੀ ਲਈ ਹੰਗਾਮਾ ਕੀਤਾ | ਖੜਗੇ ਨੇ ਕਿਹਾ ਕਿ ਸਦਨ ਦੇ ਨੇਤਾ ਜਿਸ ਭਾਸ਼ਣ ਦਾ ਜ਼ਿਕਰ ਕਰ ਰਹੇ ਹਨ, ਉਹ ਸਦਨ ਦੇ ਬਾਹਰ ਦਿੱਤਾ ਗਿਆ ਸੀ, ਇਸ ਲਈ ਸਦਨ ‘ਚ ਇਸ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ | ਉਨ੍ਹਾ ਇਹ ਵੀ ਕਿਹਾ ਕਿ ਆਜ਼ਾਦੀ ਅੰਦੋਲਨ ਦੌਰਾਨ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਆਜ਼ਾਦੀ ਅੰਦੋਲਨ ‘ਚ ਯੋਗਦਾਨ ਪਾਉਣ ਵਾਲਿਆਂ ਤੋਂ ਮੁਆਫੀ ਮੰਗਣ ਦੀ ਮੰਗ ਰਹੇ ਹਨ |
ਖੜਗੇ ਨੇ ਸੋਮਵਾਰ ਅਲਵਰ ਵਿਚ ਰੈਲੀ ‘ਚ ਕਿਹਾ ਸੀ ਕਿ ਕਾਂਗਰਸ ਦੇਸ਼ ਲਈ ਲੜੀ ਤੇ ਇਸਦੇ ਆਗੂਆਂ ਦੀਆਂ ਮਹਾਨ ਕੁਰਬਾਨੀਆਂ ਨਾਲ ਆਜ਼ਾਦੀ ਹਾਸਲ ਹੋਈ, ਜਦਕਿ ਭਾਜਪਾ ਨੇ ਤਾਂ ਦੇਸ਼ ਲਈ ਇਕ ਕੁੱਤਾ ਵੀ ਨਹੀਂ ਗੁਆਇਆ | ਭਾਜਪਾ ਸਰਕਾਰ ਗੱਲਾਂ ਸ਼ੇਰਾਂ ਵਾਂਗ ਕਰਦੀ ਹੈ ਤੇ ਕਰਮ ਇਸ ਦੇ ਚੂਹਿਆਂ ਵਰਗੇ ਹਨ | ਇਹ ਸਰਹੱਦ ਨੇੜੇ ਇਲਾਕੇ ਦੱਬ ਰਹੇ ਚੀਨ ਅੱਗੇ ਨਹੀਂ ਬੋਲਦੀ ਤੇ ਇਸ ਮੁੱਦੇ ‘ਤੇ ਸੰਸਦ ‘ਚ ਬਹਿਸ ਤੋਂ ਭੱਜ ਰਹੀ ਹੈ | ਹੰਗਾਮੇ ਤੋਂ ਬਾਅਦ ਖੜਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਲੰਚ ਵਿਚ ਸ਼ਾਮਲ ਹੋਏ, ਜਿੱਥੇ ਬਾਜਰੇ ਦੇ ਪਕਵਾਨ ਵਰਤਾਏ ਗਏ | 2023 ਨੂੰ ਕੌਮਾਂਤਰੀ ਬਾਜਰਾ ਸਾਲ ਵਜੋਂ ਮਨਾਇਆ ਜਾਣਾ ਹੈ | ਓਧਰ ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਬਿਹਤਰ ਸਿਹਤ ਲਈ ਮੋਟੇ ਅਨਾਜ ਅਤੇ ਖੇਡਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਇਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮੋਦੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜ਼ਿਆਦਾਤਰ ਛੋਟੇ ਕਿਸਾਨਾਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਮੋਟੇ ਅਨਾਜ ਨੂੰ ਹਰਮਨਪਿਆਰਾ ਬਣਾਉਣਾ ਦੇਸ਼ ਦੀ ਸੇਵਾ ਕਰਨ ਦੇ ਬਰਾਬਰ ਹੈ |





