25.8 C
Jalandhar
Monday, September 16, 2024
spot_img

ਬੇਰੁਜ਼ਗਾਰੀ ਸਿਖਰਾਂ ‘ਤੇ

ਮੋਦੀ ਰਾਜ ‘ਚ ਦੇਸ਼ ਵਿਚ ਕਾਮਾ ਸ਼ਕਤੀ ਯਾਨਿ ਕੰਮ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਪਰ ਨੌਕਰੀਆਂ ਦੇ ਮੌਕੇ ਘਟਦੇ ਜਾ ਰਹੇ ਹਨ | ਦਸੰਬਰ ਮਹੀਨੇ ਵਿਚ ਦੇਸ਼ ‘ਚ ਬੇਰੁਜ਼ਗਾਰੀ ਦੀ ਦਰ ਹੁਣ ਤੱਕ ਦੀ ਸਭ ਤੋਂ ਉੱਚੀ ਪੱਧਰ ‘ਤੇ ਪੁੱਜ ਗਈ | ਦਸੰਬਰ ਦੇ ਪਹਿਲੇ ਤਿੰਨ ਹਫਤਿਆਂ ਵਿਚ ਕਾਮਾ ਸ਼ਕਤੀ ਦੇ ਮੁਕਾਬਲੇ ਬੇਰੁਜ਼ਗਾਰੀ ਦੀ ਦਰ 8 ਫੀਸਦੀ ਤੋਂ ਵੀ ਵੱਧ ਰਹੀ | ਇਹ ਖੁਲਾਸਾ ਆਜ਼ਾਦ ਏਜੰਸੀ ਸੈਂਟਰ ਫਾਰ ਮਾਨੀਟਰਿੰਗ ਇਕਾਨਮੀ (ਸੀ ਐੱਮ ਆਈ ਈ) ਨੇ ਕੀਤਾ ਹੈ | ਉਸ ਦੀ ਰਿਪੋਰਟ ਕਹਿੰਦੀ ਹੈ ਕਿ 18 ਦਸੰਬਰ ਨੂੰ ਖਤਮ ਹੋਏ ਹਫਤੇ ਵਿਚ ਸ਼ਹਿਰੀ ਖੇਤਰਾਂ ‘ਚ ਬੇਰੁਜ਼ਗਾਰੀ ਦਰ ਰਿਕਾਰਡ 10.9 ਫੀਸਦੀ ਤੱਕ ਪੁੱਜ ਗਈ | ਇਸ ਦਰਮਿਆਨ ਪੇਂਡੂ ਖੇਤਰਾਂ ਵਿਚ ਬੇਰੁਜ਼ਗਾਰੀ ਦਰ 8.4 ਫੀਸਦੀ ਰਹੀ, ਜਦਕਿ ਨਵੰਬਰ ਵਿਚ ਇਹ 7.6 ਫੀਸਦੀ ਸੀ | ਸੀ ਐੱਮ ਆਈ ਈ ਦੇ ਮੁਖੀ ਮਹੇਸ਼ ਵਿਆਸ ਦਾ ਕਹਿਣਾ ਹੈ ਕਿ 2020 ਵਿਚ ਪਹਿਲੇ ਲਾਕਡਾਊਨ ਦੇ ਬਾਅਦ ਤੋਂ ਇਹ ਦਰ 6 ਫੀਸਦੀ-8 ਫੀਸਦੀ ਤੋਂ ਨਹੀਂ ਟੱਪੀ ਸੀ | ਮਤਲਬ ਹਾਲਾਤ ਲਾਕਡਾਊਨ ਤੋਂ ਬਾਅਦ ਨਾਲੋਂ ਵੀ ਮਾੜੇ ਹੋ ਗਏ ਹਨ |
ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਨੇ ਫਿਰ ਸਿਰ ਚੁੱਕ ਲਿਆ ਹੈ | ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ | ਕੋਰੋਨਾ ਦੇ ਪਿਛਲੇ ਦੌਰ ਵਿਚ ਮਾਲਕਾਂ ਨੇ ਮਜ਼ਦੂਰਾਂ ਦਾ ਬਹੁਤਾ ਖਿਆਲ ਨਹੀਂ ਰੱੱਖਿਆ ਸੀ ਤੇ ਉਨ੍ਹਾਂ ਨੂੰ ਸੈਂਕੜੇ ਕਿਲੋਮੀਟਰ ਤੁਰ ਕੇ ਪਿੰਡਾਂ ਨੂੰ ਪਰਤਣਾ ਪਿਆ ਸੀ | ਉਹ ਅਜੇ ਤੱਕ ਤਾਬੇ ਨਹੀਂ ਆਏ | ਦੇਸ਼ ਵਿਚ ਕੋਰੋਨਾ ਪਾਬੰਦੀਆਂ ਲੱਗਣ ਦੇ ਹਾਲਾਤ ਫਿਰ ਬਣਦੇ ਨਜ਼ਰ ਆ ਰਹੇ ਹਨ | ਇਸ ਨਾਲ ਫਿਰ ਸਭ ਤੋਂ ਵੱਡੀ ਮਾਰ ਮਜ਼ਦੂਰਾਂ ਨੂੰ ਹੀ ਪੈਣੀ ਹੈ | ਦੇਸ਼ ਨੂੰ ਦੁਨੀਆ ਦੀ ਵੱਡੀ ਆਰਥਕ ਸ਼ਕਤੀ ਬਣਾਉਣ ਦੇ ਦਾਅਵੇ ਕਰਨ ਵਾਲੇ ਹਾਕਮਾਂ ਨੇ ਕਦੇ ਵੀ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਹੀ ਨੀਤੀਆਂ ਨਹੀਂ ਬਣਾਈਆਂ | ਇੱਥੋਂ ਤੱਕ ਕਿ ਫੌਜ ਵਿਚ ਘਟੀਆਂ ਅਸਾਮੀਆਂ ਪੁਰ ਕਰਨ ਲਈ ਅਗਨੀਵੀਰ ਵਰਗੀਆਂ ਕੱਚਘਰੜ ਯੋਜਨਾਵਾਂ ਪਰੋਸ ਰਹੇ ਹਨ | ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਬੇਰੁਜ਼ਗਾਰੀ ਬਦਅਮਨੀ ਦਾ ਕਾਰਨ ਬਣਦੀ ਹੈ |

Related Articles

LEAVE A REPLY

Please enter your comment!
Please enter your name here

Latest Articles