25.8 C
Jalandhar
Monday, September 16, 2024
spot_img

ਕੋਰੋਨਾ ਖਿਲਾਫ਼ ਕੇਂਦਰ ਸਰਕਾਰ ਹਰਕਤ ‘ਚ

ਨਵੀਂ ਦਿੱਲੀ : ਚੀਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ‘ਚ ਕੋਰੋਨਾ ਦੇ ਮਾਮਲੇ ਅਚਾਨਕ ਵਧਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਦੇਸ਼ ‘ਚ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ | ਮੀਟਿੰਗ ਤੋਂ ਬਾਅਦ ਉਨ੍ਹਾ ਕਿਹਾ ਕਿ ਕੋਵਿਡ-19 ਮਹਾਂਮਾਰੀ ਖਤਮ ਨਹੀਂ ਹੋਈ, ਸਾਰੀਆਂ ਸੰਬੰਧਤ ਧਿਰਾਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾ ਕਿਹਾ ਕਿ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ | ਇਸੇ ਦੌਰਾਨ ਨੀਤੀ ਆਯੋਗ ‘ਚ ਮੈਂਬਰ ਸਿਹਤ ਡਾ. ਵਿਨੋਦ ਕੁਮਾਰ ਪਾਲ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਦਰ ਤੇ ਬਾਹਰ ਮਾਸਕ ਪਾਉਣ ਅਤੇ ਬੂਸਟਰ ਡੋਜ਼ ਲੈਣ | ਉਨ੍ਹਾ ਕਿਹਾ ਕਿ ਸਿਰਫ 27-28 ਫੀਸਦੀ ਲੋਕਾਂ ਨੇ ਬੂਸਟਰ ਡੋਜ਼ ਲਈ ਹੈ ਅਤੇ ਸਾਰਿਆਂ ਨੂੰ ਲੈਣੀ ਚਾਹੀਦੀ ਹੈ, ਖਾਸਕਰ ਵੱਡੀ ਉਮਰ ਵਾਲਿਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ | ਇਸੇ ਦੌਰਾਨ ਹਵਾਈ ਅੱਡਿਆਂ ‘ਤੇ ਵਿਦੇਸ਼ੀ ਯਾਤਰੀਆਂ ਦੀ ਰੈਂਡਮ ਸੈਂਪਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ |
ਮਾਂਡਵੀਆ ਨੇ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਪ੍ਰਗਟਾਈ ਚਿੰਤਾ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਤਾਂ ਉਹ ‘ਭਾਰਤ ਜੋੜੋ ਯਾਤਰਾ’ ਨੂੰ ਮੁਅੱਤਲ ਕਰਨ ‘ਤੇ ਵਿਚਾਰ ਕਰਨ | ਮੰਗਲਵਾਰ ਰਾਹੁਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ‘ਚ ਮਾਂਡਵੀਆ ਨੇ ਕਿਹਾ ਕਿ ਰਾਜਸਥਾਨ ਦੇ ਤਿੰਨ ਸੰਸਦ ਮੈਂਬਰਾਂ ਪੀ ਪੀ ਚੌਧਰੀ, ਨਿਹਾਲ ਚੰਦ ਅਤੇ ਦੇਵਜੀ ਪਟੇਲ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਮਾਰਚ ਦੌਰਾਨ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਸਣੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਹੈ ਕਿ ਸਿਰਫ ਉਨ੍ਹਾਂ ਨੂੰ ਹੀ ਮਾਰਚ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਵੈਕਸੀਨ ਦੀ ਖੁਰਾਕ ਲਈ ਹੈ | ਉਧਰ, ਕਾਂਗਰਸ ਨੇਤਾ ਪਵਨ ਖੇੜਾ ਨੇ ‘ਭਾਰਤ ਜੋੜੋ ਯਾਤਰਾ’ ਵਿਚ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਲਈ ਰਾਹੁਲ ਗਾਂਧੀ ਨੂੰ ਸਿਹਤ ਮੰਤਰੀ ਮਾਂਡਵੀਆ ਵੱਲੋਂ ਭੇਜੇ ਪੱਤਰ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਭਾਜਪਾ ਰਾਜਸਥਾਨ ਅਤੇ ਕਰਨਾਟਕ ‘ਚ ਯਾਤਰਾਵਾਂ ਕੱਢ ਰਹੀ ਹੈ, ਕੀ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਵੀ ਪੱਤਰ ਭੇਜਿਆ ਹੈ | ਖੇੜਾ ਨੇ ਕੇਂਦਰੀ ਮੰਤਰੀ ਨੂੰ ਕਿਹਾ—ਕਿਰਪਾ ਕਰਕੇ ਕੋਵਿਡ-19 ਨਾਲ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰੋ, ਅਸੀਂ ਉਨ੍ਹਾਂ ਦੀ ਪਾਲਣਾ ਕਰਾਂਗੇ | ਸਿਰਫ ਰਾਹੁਲ ਗਾਂਧੀ ਹੀ ਕਿਉਂ, ਸਿਰਫ ਕਾਂਗਰਸ ਪਾਰਟੀ ਹੀ ਕਿਉਂ, ਸਿਰਫ ‘ਭਾਰਤ ਜੋੜੋ ਯਾਤਰਾ’ ਕਿਉਂ?
ਇਸੇ ਦੌਰਾਨ ‘ਭਾਰਤ ਜੋੜੋ ਯਾਤਰਾ’ ਬੁੱਧਵਾਰ ਹਰਿਆਣਾ ‘ਚ ਦਾਖਲ ਹੋਣ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਲੜਾਈ ਦੋ ਵਿਚਾਰਧਾਰਾਵਾਂ ਵਿਚਕਾਰ ਹੈ | ਇੱਕ, ਜੋ ਚੋਣਵੇਂ ਲੋਕਾਂ ਨੂੰ ਫਾਇਦਾ ਦਿੰਦੀ ਹੈ, ਜਦੋਂ ਕਿ ਦੂਜੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਹੈ | ਉਨ੍ਹਾ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇਸ਼ ਨੂੰ ਪ੍ਰਭਾਵਤ ਕਰਨ ਵਾਲੇ ਸਭ ਤੋਂ ਵੱਡੇ ਮੁੱਦੇ ਹਨ |

Related Articles

LEAVE A REPLY

Please enter your comment!
Please enter your name here

Latest Articles