ਜਲੰਧਰ (ਕੇਸਰ/ਰਾਜੇਸ਼ ਥਾਪਾ)
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪੰਜਾਬ ਦੇ ਲੋਕ ਪੱਖੀ ਕਲਾਕਾਰ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ਉਪਰ ਕੀਤੀ ਗਈ ਛਾਪੇਮਾਰੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਇਤਿਹਾਸਕ ਜੇਤੂ ਕਿਸਾਨ ਅੰਦੋਲਨ ਦੌਰਾਨ ਨਿਭਾਏ ਰੋਲ ਅਤੇ ਗੀਤਾਂ ਰਾਹੀਂ ਜਵਾਨੀ ਨੂੰ ਉਤਸ਼ਾਹਿਤ ਕਰਨ ਕਰਕੇ ਅਜਿਹੇ ਕਲਾਕਾਰ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਰੜਕਦੇ ਰਹਿੰਦੇ ਹਨ | ਉਹਨਾਂ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ | ਉਹਨਾਂ ਕਿਹਾ ਕਿ ਸਧਾਰਨ ਘਰਾਂ ਵਿੱਚ ਪੈਦਾ ਹੋਏ ਕਲਾਕਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਭਿ੍ਸ਼ਟ ਸਿਆਸੀ ਆਗੂਆਂ, ਨਸ਼ਿਆਂ ਦੇ ਵਪਾਰੀਆਂ ਅਤੇ ਅਫਸਰਸ਼ਾਹੀ ਵੱਲੋਂ ਅਰਬਾਂ-ਖਰਬਾਂ ਰੁਪਏ ਦੀਆਂ ਜਾਇਦਾਦਾਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ |




