ਨਵੀਂ ਦਿੱਲੀ : ਰਾਘਵ ਚੱਢਾ ਨੇ ਵੀਰਵਾਰ ਰਾਜ ਸਭਾ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਅਹਿਮ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ ਅਤੇ ਇਸ ਨੂੰ ‘ਹੈਰੀਟੇਜ ਸਿਟੀ’ (ਵਿਰਾਸਤੀ ਸ਼ਹਿਰ) ਦਾ ਦਰਜਾ ਦੇਣ ਦੀ ਮੰਗ ਕੀਤੀ |
ਪ੍ਰਸ਼ਨਕਾਲ ਦੌਰਾਨ ਉਨ੍ਹਾ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੈ | ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ | ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਉਂਦੇ ਹਨ | ਇੱਥੇ ਹੋਲਾ ਮਹੱਲਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜਦੀਆਂ ਹਨ |
ਚੱਢਾ ਨੇ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ‘ਹੈਰੀਟੇਜ ਸਿਟੀ’ ਦਾ ਦਰਜਾ ਦੇ ਕੇ, ਖਾਸ ਫੰਡ ਦੇ ਕੇ ਇਸ ਸ਼ਹਿਰ ਦਾ ਵਿਕਾਸ ਕਰਕੇ ਇਸ ਨੂੰ ਇੱਕ ਵਿਸ਼ਵ ਪ੍ਰਸਿੱਧ ਹੈਰੀਟੇਜ ਸਿਟੀ ਬਣਾਉਣ ਲਈ ਕੀ ਕੋਈ ਕਦਮ ਉਠਾਇਆ ਜਾ ਰਿਹਾ ਹੈ? ਜੀ. ਕਿਸ਼ਨ ਰੈਡੀ, ਜੋ ਮੌਜੂਦਾ ਸੈਰ ਅਤੇ ਸੱਭਿਆਚਾਰ ਮੰਤਰੀ ਹਨ, ਤੋਂ ਰਾਘਵ ਚੱਢਾ ਨੂੰ ਸਕਾਰਾਤਮਕ ਜਵਾਬ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਇਸ ਪ੍ਰਸਤਾਵ ‘ਤੇ ਧਿਆਨ ਦੇਣ ਦਾ ਭਰੋਸਾ ਦਿੱਤਾ |



