ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਸੰਤੋਖ ਸਿੰਘ ਸੰਘੇੜਾ ਦਾ ਅੰਤਮ ਸੰਸਕਾਰ ਵੀਰਵਾਰ ਉਨ੍ਹਾ ਦੇ ਜੱਦੀ ਪਿੰਡ ਕੋਟਲੀ ਸੂਰਤ ਮੱਲ੍ਹੀ (ਬਟਾਲਾ) ਵਿਖੇ ਕਰ ਦਿੱਤਾ ਗਿਆ | ਉਨ੍ਹਾ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਪੁੱਤਰ ਸਮੀਰ ਸਿੰਘ ਸ਼ੰਮੀ ਨੇ ਵਿਖਾਈ | ਸਾਥੀ ਸੰਘੇੜਾ ਦੀ ਅੰਤਮ ਯਾਤਰਾ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ | ਉਨ੍ਹਾ ਦੀ ਦਰਦਨਾਕ ਮੌਤ ਕੇਰਲਾ ਦੇ ਸ਼ਹਿਰ ਅੱਲਾਪੂਜ਼ਾ ਵਿੱਚ ਹੋਈ ਸੀ | ਉੱਥੇ ਉਹ ਏਟਕ ਦੀ 42ਵੀਂ ਨੈਸ਼ਨਲ ਕਾਂਗਰਸ ਵਿੱਚ ਹਿੱਸਾ ਲੈਣ ਗਏ ਸਨ | ਉਨ੍ਹਾ ਦੀ ਮਿ੍ਤਕ ਦੇਹ ਨੂੰ ਅਮਰਜੀਤ ਸਿੰਘ ਆਸਲ ਹਵਾਈ ਜਹਾਜ਼ ਰਾਹੀ ਅੰਮਿ੍ਤਸਰ ਲੈ ਕੇ ਆਏ | ਇੱਥੋਂ ਉਨ੍ਹਾ ਦੇ ਪਰਵਾਰਕ ਮੈਂਬਰ ਅਤੇ ਪਾਰਟੀ ਸਾਥੀ ਮਿ੍ਤਕ ਦੇਹ ਨੂੰ ਉਨ੍ਹਾ ਦੇ ਪਿੰਡ ਲੈ ਕੇ ਗਏ | ਅੰਤਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰ, ਬਲਬੀਰ ਸਿੰਘ ਮੱਲ੍ਹੀ, ਧਿਆਨ ਚੰਦ, ਸੱਤ ਦੇਵ ਸੈਣੀ, ਬਲਬੀਰ ਸਿੰਘ ਪਠਾਨਕੋਟ, ਗੁਲਜ਼ਾਰ ਸਿੰਘ ਬਸੰਤ ਕੋਟ, ਮੰਗਲ ਸਿੰਘ ਖਜਾਲਾ, ਗੁਰਦੀਪ ਗੁਰੂਵਾਲੀ, ਵਿਜੇ ਕੁਮਾਰ ਸਕੱਤਰ, ਬਲਵਿੰਦਰ ਕੌਰ ਕਾਲਾ ਅਫਗਾਨਾ ਆਦਿ ਸ਼ਾਮਲ ਸਨ | ਇਸ ਮੌਕੇ ਪਾਰਟੀ ਆਗੂਆਂ ਨੇ ਮਿ੍ਤਕ ਦੇਹ ‘ਤੇ ਲਾਲ ਝੰਡਾ ਪਾ ਕੇ ਉਹਨਾ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾ ਨਮਿਤ ਸ਼ਰਧਾਂਜਲੀ ਸਮਾਗਮ 30 ਦਸੰਬਰ ਨੂੰ ਹੋਵੇਗਾ |





